
ਹਰਿਆਣਾ ਦੇ ਫਰੀਦਾਬਾਦ ਦਾ ਰਹਿਣ ਵਾਲਾ ਸੀ ਮ੍ਰਿਤਕ ਖਿਡਾਰੀ
ਫ਼ਰੀਦਾਬਾਦ: ਹਰਿਆਣਾ ਦੇ ਫ਼ਰੀਦਾਬਾਦ ਵਿਖੇ 16 ਸਾਲਾ ਅਥਲੈਟਿਕਸ ਖਿਡਾਰੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਦੇ ਦੱਸਣ ਅਨੁਸਾਰ ਘਟਨਾ ਬੁੱਧਵਾਰ ਨੂੰ ਵਾਪਰੀ। ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ 16 ਸਾਲਾ ਪ੍ਰੀਯਾਂਸ਼ ਕੁਮਾਰ, ਸਥਾਨਕ ਸੰਜੇ ਕਾਲੋਨੀ ਵਿੱਚ ਰਹਿੰਦਾ ਸੀ ਅਤੇ ਨੰਗਲਾ ਦੇ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਸੀ। ਪ੍ਰੀਯਾਂਸ਼ ਅਥਲੈਟਿਕਸ ਦਾ ਖਿਡਾਰੀ ਸੀ ਅਤੇ ਸੈਕਟਰ-12 ਸਪੋਰਟਸ ਕੰਪਲੈਕਸ ਵਿੱਚ ਅਭਿਆਸ ਕਰਿਆ ਕਰਦਾ ਸੀ।
ਦੱਸਿਆ ਗਿਆ ਹੈ ਕਿ ਸਪੋਰਟਸ ਕੰਪਲੈਕਸ ਵਿਖੇ ਪ੍ਰੈਕਟਿਸ ਕਰਨ ਤੋਂ ਬਾਅਦ ਪ੍ਰੀਯਾਂਸ਼ ਸਾਈਕਲ 'ਤੇ ਆਪਣੇ ਘਰ ਵੱਲ ਜਾ ਰਿਹਾ ਸੀ, ਅਤੇ ਜਿਵੇਂ ਹੀ ਉਹ ਸੈਕਟਰ-12 ਨੇੜਲੇ ਕਨਵੈਨਸ਼ਨ ਹਾਲ ਕੋਲ ਪਹੁੰਚਿਆ ਤਾਂ ਉੱਥੇ ਇਕ ਹੋਰ ਸਾਈਕਲ ਸਵਾਰ ਨੇ ਉਸ ਨੂੰ ਚਾਕੂ ਮਾਰ ਦਿੱਤਾ। ਜਾਣਕਾਰੀ ਮੁਤਾਬਕ ਪ੍ਰੀਯਾਂਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਦੀ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਪ੍ਰੀਯਾਂਸ਼ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜ਼ਿਲ੍ਹਾ ਅਤੇ ਸੂਬਾ ਪੱਧਰੀ ਦੌੜ ਮੁਕਾਬਲਿਆਂ 'ਚ ਹਿੱਸਾ ਲੈਂਦਾ ਸੀ, ਅਤੇ ਹਾਲ ਹੀ 'ਚ ਕਰਨਾਲ ਵਿਖੇ ਕਰਵਾਏ ਗਏ ਮੁਕਾਬਲੇ 'ਚ ਉਸ ਨੇ ਜਿੱਤ ਹਾਸਲ ਕੀਤੀ ਸੀ। ਉਹਨਾਂ ਦੱਸਿਆ ਕਿ ਸਕੂਲ ਪੱਧਰ ਤੋਂ ਲੈ ਕੇ ਜ਼ਿਲ੍ਹਾ ਅਤੇ ਸੂਬਾ ਪੱਧਰ ਤੱਕ ਪ੍ਰੀਯਾਂਸ਼ ਨੇ 200 ਤੋਂ ਵੱਧ ਮੈਡਲ ਜਿੱਤੇ ਹਨ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ, ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।