
7 ਕਰੋੜ ਰੁਪਏ ਦੀਆਂ ਲਗਜ਼ਰੀ ਕਾਰਾਂ ਸਮੇਤ ਗਹਿਣੇ ਅਤੇ ਨਕਦੀ ਜ਼ਬਤ
ਨਵੀਂ ਦਿੱਲੀ : ਸ਼ਿਮਲਾ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਨੀਵਾਰ ਨੂੰ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਵੱਡੇ ਬੈਂਕ ਧੋਖਾਧੜੀ ਮਾਮਲੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਸ਼ਕਤੀ ਰੰਜਨ ਦਾਸ਼ ਦੇ ਰਿਹਾਇਸ਼ੀ ਅਹਾਤੇ ਅਤੇ ਉਨ੍ਹਾਂ ਦੀਆਂ ਕੰਪਨੀਆਂ - ਮੈਸਰਜ਼ ਅਨਮੋਲ ਮਾਈਨਜ਼ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਅਨਮੋਲ ਰਿਸੋਰਸਿਜ਼ ਪ੍ਰਾਈਵੇਟ ਲਿਮਟਿਡ ਦੇ ਵਪਾਰਕ ਅਹਾਤੇ ’ਤੇ ਕੀਤੀ ਗਈ। ਇਹ ਕਾਰਵਾਈ ਮੈਸਰਜ਼ ਇੰਡੀਅਨ ਟੈਕਨੋਮੈਕ ਕੰਪਨੀ ਲਿਮਟਿਡ ਨਾਲ ਸਬੰਧਤ ਬੈਂਕ ਧੋਖਾਧੜੀ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਕੀਤੀ ਗਈ ਸੀ।
ਈਡੀ ਨੇ ਇਹ ਜਾਂਚ ਹਿਮਾਚਲ ਪ੍ਰਦੇਸ਼ ਪੁਲਿਸ ਦੀ ਸੀਆਈਡੀ ਦੁਆਰਾ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ’ਤੇ ਕੀਤੀ। ਆਰੋਪ ਹੈ ਕਿ ਆਈਟੀਸੀਓਐਲ ਅਤੇ ਇਸਦੇ ਪ੍ਰਮੋਟਰਾਂ ਨੇ ਕੁਝ ਅਧਿਕਾਰੀਆਂ ਅਤੇ ਚਾਰਟਰਡ ਅਕਾਊਂਟੈਂਟਾਂ ਨਾਲ ਮਿਲੀਭੁਗਤ ਕਰਕੇ ਬੈਂਕਾਂ ਤੋਂ ਲਏ ਗਏ ਕਰਜ਼ੇ ਦੀ ਦੁਰਵਰਤੋਂ ਕੀਤੀ।
ਜਾਂਚ ’ਚ ਖੁਲਾਸਾ ਹੋਇਆ ਕਿ ITCOL ਨੇ 2009 ਅਤੇ 2013 ਦੇ ਵਿਚਕਾਰ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਇੱਕ ਸਮੂਹ ਤੋਂ ਜਾਅਲੀ ਪ੍ਰੋਜੈਕਟ ਰਿਪੋਰਟਾਂ ਅਤੇ ਸ਼ੈੱਲ ਕੰਪਨੀਆਂ ਦਿਖਾ ਕੇ ਕਰਜ਼ੇ ਲਏ ਸਨ। ਲਗਭਗ 1396 ਕਰੋੜ ਰੁਪਏ ਦਾ ਇਹ ਕਰਜ਼ਾ ਨਿਰਧਾਰਤ ਉਦੇਸ਼ਾਂ ’ਤੇ ਖਰਚ ਕਰਨ ਦੀ ਬਜਾਏ ਹੋਰ ਉਦੇਸ਼ਾਂ ਲਈ ਵਰਤਿਆ ਗਿਆ ਸੀ। ਇਸ ਮਾਮਲੇ ਵਿੱਚ ਪਹਿਲਾਂ ਹੀ 310 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਚੁੱਕਿਆ ਹੈ। ਇਹਨਾਂ ਵਿੱਚੋਂ 289 ਕਰੋੜ ਰੁਪਏ ਦੀਆਂ ਜਾਇਦਾਦਾਂ ਅਪ੍ਰੈਲ 2025 ਵਿੱਚ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਸਮੂਹ ਨੂੰ ਵਾਪਸ ਕਰ ਦਿੱਤੀਆਂ ਗਈਆਂ ਸਨ। ਜਾਂਚ ’ਚ ਖੁਲਾਸਾ ਹੋਇਆ ਕਿ ITCOL ਅਤੇ ਇਸਦੀਆਂ ਸ਼ੈੱਲ ਕੰਪਨੀਆਂ ਨੇ 59.80 ਕਰੋੜ ਰੁਪਏ ਦੀ ਰਕਮ ਮੈਸਰਜ਼ ਅਨਮੋਲ ਮਾਈਨਜ਼ ਪ੍ਰਾਈਵੇਟ ਲਿਮਟਿਡ, ਓਡੀਸ਼ਾ (AMPL) ਦੇ ਬੈਂਕ ਖਾਤਿਆਂ ਵਿੱਚ ਡਾਇਵਰਟ ਕੀਤੀ ਸੀ। ਇਹ ਵੀ ਖੁਲਾਸਾ ਹੋਇਆ ਕਿ AMPL ਦੇ MD ਸ਼ਕਤੀ ਰੰਜਨ ਦਾਸ਼ ਨੇ ਜਾਣਬੁੱਝ ਕੇ ਰਾਕੇਸ਼ ਕੁਮਾਰ ਸ਼ਰਮਾ (ਮੈਸਰਜ਼ ITCOL ਦੇ ਪ੍ਰਮੋਟਰ) ਨੂੰ ਬੈਂਕ ਕਰਜ਼ੇ ਦੀ ਰਕਮ ਨੂੰ ਡਾਇਵਰਟ ਕਰਨ ਅਤੇ ਇਸ ਨੂੰ ਓਡੀਸ਼ਾ ਵਿੱਚ ਮਾਈਨਿੰਗ ਗਤੀਵਿਧੀਆਂ ਵਿੱਚ ਵਰਤਣ ਵਿੱਚ ਮਦਦ ਕੀਤੀ।
ਤਲਾਸ਼ੀ ਦੌਰਾਨ ਈਡੀ ਨੇ ਸ਼ਕਤੀ ਰੰਜਨ ਦਾਸ਼ ਅਤੇ ਉਸਦੀਆਂ ਕੰਪਨੀਆਂ ਦੀਆਂ 10 ਲਗਜ਼ਰੀ ਕਾਰਾਂ, 3 ਸੁਪਰ ਬਾਈਕਾਂ ਜ਼ਬਤ ਕੀਤੀਆਂ ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 7 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 13 ਲੱਖ ਰੁਪਏ ਨਕਦ, ਲਗਭਗ 1.12 ਕਰੋੜ ਰੁਪਏ ਦੇ ਗਹਿਣਿਆਂ ਸਮੇਤ ਵੱਖ-ਵੱਖ ਅਚੱਲ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਸ਼ਕਤੀ ਰੰਜਨ ਦਾਸ਼ ਦੇ ਦੋ ਲਾਕਰ ਵੀ ਫਰੀਜ਼ ਕਰ ਦਿੱਤੇ ਗਏ ਹਨ। ਈਡੀ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਹੋਰ ਜਾਂਚ ਕੀਤੀ ਜਾ ਰਹੀ ਹੈ।