
ਉਤਰਾਖੰਡ ’ਚ ਬਿਜਲੀ ਪ੍ਰਾਜੈਕਟ ਦੀ ਸੁਰੰਗ ’ਚ 11 ਜਣੇ ਫਸੇ
ਨਵੀਂ ਦਿੱਲੀ : ਭਾਰਤ ਦੇ ਕੁੱਝ ਹਿੱਸਿਆਂ ’ਚ ਐਤਵਾਰ ਨੂੰ ਹੋਈ ਤਾਜ਼ਾ ਮੀਂਹ ਨੇ ਹੜ੍ਹ ਪ੍ਰਭਾਵਤ ਕੁੱਝ ਸੂਬਿਆਂ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਹਨ, ਜਿੱਥੇ ਦਰਿਆਵਾਂ ’ਚੋਂ ਨਿਕਲਿਆ ਪਾਣੀ ਨਵੇਂ ਇਲਾਕਿਆਂ ’ਚ ਫੈਲ ਗਿਆ, ਸੜਕਾਂ ਬੰਦ ਹੋ ਗਈਆਂ ਹਨ ਅਤੇ ਵਿਦਿਅਕ ਸੰਸਥਾਵਾਂ ’ਚ ਛੁੱਟੀਆਂ ਕਰ ਦਿਤੀਆਂ ਗਈਆਂ ਹਨ।
ਉਤਰਾਖੰਡ ਦੇ ਪਿਥੌਰਾਗੜ੍ਹ ’ਚ ਮੀਂਹ ਕਾਰਨ ਜ਼ਮੀਨ ਖਿਸਕਣ ਦੇ ਨਤੀਜੇ ਵਜੋਂ ਇਕ ਬਿਜਲੀ ਪ੍ਰਾਜੈਕਟ ਦੀਆਂ ਸੁਰੰਗਾਂ ਬੰਦ ਹੋ ਗਈਆਂ, ਜਿਸ ’ਚ 11 ਲੋਕ ਫਸ ਗਏ। ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਧੌਲੀਗੰਗਾ ਪਾਵਰ ਪ੍ਰਾਜੈਕਟ ਦੀਆਂ ਆਮ ਅਤੇ ਐਮਰਜੈਂਸੀ ਸੁਰੰਗਾਂ ਬੰਦ ਹੋ ਗਈਆਂ, ਜਿਸ ਕਾਰਨ ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਨ.ਐੱਚ.ਪੀ.ਸੀ.) ਦੇ 11 ਕਰਮਚਾਰੀ ਇਕ ਪਾਵਰ ਹਾਊਸ ’ਚ ਫਸ ਗਏ। ਅਧਿਕਾਰੀਆਂ ਨੇ ਦਸਿਆ ਕਿ ਸ਼ੁਰੂਆਤ ’ਚ 19 ਲੋਕ ਫਸੇ ਹੋਏ ਸਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਵਿਚੋਂ 8 ਲੋਕਾਂ ਨੂੰ ਬਚਾਇਆ। ਇਕ ਅਧਿਕਾਰੀ ਨੇ ਦਸਿਆ ਕਿ ਮਲਬੇ ਨੂੰ ਸਾਫ ਕਰਨ ਲਈ ਸਰਹੱਦੀ ਸੜਕ ਸੰਗਠਨ ਦੀਆਂ ਜੇ.ਸੀ.ਬੀ. ਮਸ਼ੀਨਾਂ ਅਤੇ ਇਕ ਢੋਆ-ਢੁਆਈ ਕਰਨ ਵਾਲੀ ਕੰਪਨੀ ਤਾਇਨਾਤ ਕੀਤੀ ਗਈ ਹੈ।
ਹਿਮਾਚਲ ਪ੍ਰਦੇਸ਼ ’ਚ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਵਿਚ ਬਹੁਤ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ‘ਰੈੱਡ’ ਅਲਰਟ ਜਾਰੀ ਕੀਤਾ ਹੈ ਅਤੇ ਜ਼ਮੀਨ ਖਿਸਕਣ, ਹੜ੍ਹ ਅਤੇ ਜ਼ਮੀਨ ਡਿੱਗਣ ਦੀ ਚੇਤਾਵਨੀ ਦਿਤੀ ਹੈ। ਹਿਮਾਚਲ ਪ੍ਰਦੇਸ਼ ਵਿਚ ਅਧਿਕਾਰੀਆਂ ਨੇ ਦਸਿਆ ਕਿ ਜ਼ਮੀਨ ਖਿਸਕਣ ਅਤੇ ਹੜ੍ਹਾਂ ਨੇ ਸੂਬੇ ਦੇ ਕਈ ਹਿੱਸਿਆਂ ’ਚ ਤਬਾਹੀ ਮਚਾਈ ਹੈ, ਜਿਸ ਕਾਰਨ ਐਤਵਾਰ ਸਵੇਰੇ ਤਿੰਨ ਕੌਮੀ ਰਾਜਮਾਰਗਾਂ ਸਮੇਤ 666 ਸੜਕਾਂ ਬੰਦ ਕਰ ਦਿਤੀਆਂ ਗਈਆਂ। ਰਾਜ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਦਸਿਆ ਕਿ 20 ਜੂਨ ਤੋਂ 30 ਅਗੱਸਤ ਤਕ ਹਿਮਾਚਲ ਪ੍ਰਦੇਸ਼ ’ਚ 91 ਹੜ੍ਹ, 45 ਬੱਦਲ ਫਟਣ ਅਤੇ 95 ਵੱਡੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਸੂਬੇ ਨੂੰ ਇਸ ਮਾਨਸੂਨ ਦੌਰਾਨ 3,056 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ਅਤੇ ਸੜਕ ਹਾਦਸਿਆਂ ’ਚ 320 ਲੋਕਾਂ ਦੀ ਮੌਤ ਹੋ ਚੁਕੀ ਹੈ।
ਜਦਕਿ ਤਾਮਿਲਨਾਡੂ ਦੇ ਚੇਨਈ ਨੇੜੇ ਬੱਦਲ ਫਟਣ ਕਾਰਨ ਸ਼ਹਿਰ ਵਿਚ ਭਾਰੀ ਬਾਰਸ਼ ਹੋਈ ਅਤੇ ਉਡਾਣਾਂ ਦਾ ਮਾਰਗ ਬਦਲਣਾ ਪਿਆ। ਖੇਤਰੀ ਮੌਸਮ ਵਿਗਿਆਨ ਕੇਂਦਰ ਨੇ ਦਸਿਆ ਕਿ ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ ਰਾਤ ਭਰ ਭਾਰੀ ਬਾਰਸ਼ ਹੋਈ ਅਤੇ ਉੱਤਰੀ ਗੁਆਂਢੀ ਸ਼ਹਿਰ ਮਨਾਲੀ ’ਚ ਬੱਦਲ ਫਟਣ ਦੀ ਘਟਨਾ ਵਾਪਰੀ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਚੇਨਈ ਹਵਾਈ ਅੱਡੇ ਉਤੇ ਪਹੁੰਚਣ ਵਾਲੀਆਂ ਕੁੱਝ ਉਡਾਣਾਂ ਨੂੰ ਬੈਂਗਲੁਰੂ ਵਲ ਮੋੜ ਦਿਤਾ ਗਿਆ। (ਪੀਟੀਆਈ)