
ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਦਾ 81 ਸਾਲ ਦੀ ਉਮਰ ’ਚ ਦਿਹਾਂਤ
ਮੁੰਬਈ : ‘ਰਾਮਾਇਣ’ ਦੇ ਨਿਰਦੇਸ਼ਕ ਰਾਮਾਨੰਦ ਸਾਗਰ ਦੇ ਬੇਟੇ ਅਤੇ ਨਿਰਦੇਸ਼ਕ-ਸਿਨੇਮੈਟੋਗ੍ਰਾਫਰ ਪ੍ਰੇਮ ਸਾਗਰ ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 81 ਸਾਲ ਦੇ ਸਨ।
ਮੋਤੀ ਸਾਗਰ ਨੇ ਦਸਿਆ, ‘‘ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਲਗਭਗ ਤਿੰਨ ਹਫ਼ਤਿਆਂ ਲਈ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕੱਲ੍ਹ (ਸਨਿਚਰਵਾਰ) ਛੁੱਟੀ ਦੇ ਦਿਤੀ ਗਈ ਸੀ ਕਿਉਂਕਿ ਉਸ ਦੇ ਖੂਨ ਵਿਚ ਲਾਗ ਫੈਲ ਗਈ ਸੀ। ਡਾਕਟਰਾਂ ਨੇ ਸੁਝਾਅ ਦਿਤਾ ਕਿ ਅਸੀਂ ਉਨ੍ਹਾਂ ਨੂੰ ਘਰ ਵਾਪਸ ਲੈ ਜਾਈਏ। ਉਨ੍ਹਾਂ ਦਾ ਸਵੇਰੇ ਕਰੀਬ 10 ਵਜੇ ਦੇਹਾਂਤ ਹੋ ਗਿਆ।’’
ਐਫ.ਟੀ.ਆਈ.ਆਈ. (ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ) ਤੋਂ ਗ੍ਰੈਜੂਏਟ ਪ੍ਰੇਮ ਸਾਗਰ ਨੇ ‘ਚਰਸ’ ਅਤੇ ‘ਲਲਕਾਰ’ ਵਰਗੀਆਂ ਫਿਲਮਾਂ ’ਚ ਸਿਨੇਮੈਟੋਗ੍ਰਾਫਰ ਦੇ ਤੌਰ ਉਤੇ ਕੰਮ ਕੀਤਾ ਅਤੇ ‘ਅਲੀਫ ਲੈਲਾ’ ਅਤੇ ‘ਵਿਕਰਮ ਅਤੇ ਬੇਤਾਲ’ ਵਰਗੇ ਟੀ.ਵੀ. ਸ਼ੋਅ ’ਚ ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ ਉਤੇ ਕੰਮ ਕੀਤਾ।
ਉਨ੍ਹਾਂ ਨੇ ‘ਨਿਸ਼ਚੈ’, ‘ਏਕ ਲੜਕਾ ਏਕ ਲੜਕੀ’, ‘ਜਵਾਨੀ ਜ਼ਿੰਦਾਬਾਦ’, ‘ਸਾਗਰ ਸੰਗਮ’ ਅਤੇ ‘ਨਮਕ ਹਲਾਲ’ ਵਰਗੇ ਕੁੱਝ ਪ੍ਰਾਜੈਕਟਾਂ ਵਿਚ ਵੀ ਕੰਮ ਕੀਤਾ। ਫਿਲਮ ‘ਰਾਮਾਇਣ’ ’ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਤੇ ਸੰਸਦ ਮੈਂਬਰ ਅਰੁਣ ਗੋਵਿਲ ਨੇ ਸੋਸ਼ਲ ਮੀਡੀਆ ਉਤੇ ਪ੍ਰੇਮ ਸਾਗਰ ਦੇ ਦਿਹਾਂਤ ਉਤੇ ਸੋਗ ਜ਼ਾਹਰ ਕੀਤਾ।
ਅੰਤਿਮ ਸੰਸਕਾਰ ਦੁਪਹਿਰ 3 ਵਜੇ ਦੇ ਕਰੀਬ ਉਪਨਗਰ ਜੁਹੂ ਦੇ ਪਵਨ ਹੰਸ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਪ੍ਰੇਮ ਸਾਗਰ ਅਪਣੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਛੱਡ ਗਏ ਹਨ।