
ਅਦਾਲਤ ਨੇ ਮੁਲਜ਼ਮ ਦੀ ਇਸ ਦਲੀਲ ਨੂੰ ਮੰਨਣ ਤੋਂ ਵੀ ਇਨਕਾਰ ਕੀਤਾ ਕਿ ਉਸ ਨੂੰ ਇਸ ਮਾਮਲੇ ਵਿੱਚ ਧਾਰਮਿਕ ਦੁਸ਼ਮਣੀ ਕਾਰਨ ਫ਼ਸਾਇਆ ਗਿਆ ਸੀ।
ਮੁੰਬਈ - ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਠ ਸਾਲਾ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਮੌਲਾਨਾ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਅਧਿਆਪਕ ਤੋਂ ਨਿਗਰਾਨ ਤੇ ਰੱਖਿਅਕ ਵਜੋਂ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ। ਪੀੜਤ ਵਿਦਿਆਰਥਣ ਦੋਸ਼ੀ ਮੌਲਾਨਾ ਦੇ ਘਰ ਕੁਰਾਨ ਪੜ੍ਹਨ ਲਈ ਜਾਂਦੀ ਸੀ।ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਕੇਸਾਂ ਦੀ ਸੁਣਵਾਈ ਲਈ ਨਾਮਜ਼ਦ ਵਿਸ਼ੇਸ਼ ਜੱਜ ਸੀਮਾ ਜਾਧਵ ਨੇ 20 ਅਕਤੂਬਰ ਨੂੰ ਮੌਲਾਨਾ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ।
ਅਦਾਲਤ ਨੇ ਮੁਲਜ਼ਮ ਦੀ ਇਸ ਦਲੀਲ ਨੂੰ ਮੰਨਣ ਤੋਂ ਵੀ ਇਨਕਾਰ ਕੀਤਾ ਕਿ ਉਸ ਨੂੰ ਇਸ ਮਾਮਲੇ ਵਿੱਚ ਧਾਰਮਿਕ ਦੁਸ਼ਮਣੀ ਕਾਰਨ ਫ਼ਸਾਇਆ ਗਿਆ ਸੀ। ਦੋਸ਼ੀ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376AB (12 ਸਾਲ ਤੋਂ ਘੱਟ ਉਮਰ ਦੀ ਲੜਕੀ 'ਤੇ ਜਿਨਸੀ ਸ਼ੋਸ਼ਣ) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਦੋਸ਼ੀ ਪਾਇਆ ਗਿਆ ਸੀ। ਅਦਾਲਤ ਨੇ ਕਿਹਾ, “ਪੀੜਤ ਇੱਕ ਅੱਠ ਸਾਲ ਦੀ ਬੱਚੀ ਹੈ। ਮੁਲਜ਼ਮ ਕੋਈ ਆਮ ਆਦਮੀ ਨਹੀਂ ਸਗੋਂ ਅਧਿਆਪਕ ਸੀ। ਸਿਰਫ਼ ਇਹੀ ਇੱਕ ਇੱਕ ਕਿੱਤਾ ਹੈ, ਜਿਸ ਦਾ ਦੂਜੇ ਪੇਸ਼ਿਆਂ 'ਤੇ ਅਸਰ ਪੈਂਦਾ ਹੈ। ਇਸ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਹੈ।”
ਅਦਾਲਤ ਨੇ ਕਿਹਾ, “ਅਧਿਆਪਕ ਤੋਂ ਰਾਖੇ ਵਜੋਂ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਦੋਸ਼ੀ ਦੀਆਂ ਘਿਨਾਉਣੀਆਂ ਹਰਕਤਾਂ ਦਾ ਪੀੜਤ 'ਤੇ ਉਮਰ ਭਰ ਮਨੋਵਿਗਿਆਨਕ ਅਤੇ ਭਾਵਨਾਤਮਕ ਪ੍ਰਭਾਵ ਰਹੇਗਾ। ਉਸ (ਦੋਸ਼ੀ) ਨੇ ਅੱਠ ਸਾਲ ਦੀ ਬੱਚੀ ਨੂੰ ਸ਼ਿਕਾਰ ਬਣਾਇਆ ਹੈ, ਅਤੇ ਉਸ ਦੀ ਜ਼ਿੰਦਗੀ 'ਤੇ ਸਥਾਈ ਦੁਰਪ੍ਰਭਾਵ ਛੱਡਿਆ ਹੈ। ਅਦਾਲਤ ਨੇ ਅੱਗੇ ਕਿਹਾ ਕਿ ਦੋਸ਼ੀ ਨੇ ਇਹ ਅਪਰਾਧ ਉਦੋਂ ਕੀਤਾ, ਜਦੋਂ ਬੱਚੀ ਨੇ ਹੁਣੇ-ਹੁਣੇ ਆਪਣੀ ਜ਼ਿੰਦਗੀ ਨੂੰ ਸਮਝਣਾ ਅਤੇ ਜਿਊਣਾ ਸ਼ੁਰੂ ਕੀਤਾ ਸੀ।
ਅਦਾਲਤ ਨੇ ਅੱਗੇ ਕਿਹਾ, "ਭਰੋਸੇ ਵਾਲੇ ਵਿਅਕਤੀ ਵੱਲੋਂ ਕੀਤਾ ਅਜਿਹਾ ਅਪਰਾਧ, ਬੱਚੇ ਦਾ ਜੀਵਨ ਨੂੰ ਸਕਾਰਾਤਮਕ ਤੌਰ 'ਤੇ ਦੇਖਣ ਦਾ ਨਜ਼ਰੀਆ ਬਦਲ ਦਿੰਦਾ ਹੈ। ਇਸ ਲਈ ਦੋਸ਼ੀ ਕਿਸੇ ਵੀ ਰਿਆਇਤ ਦਾ ਹੱਕਦਾਰ ਨਹੀਂ।" ਸ਼ਿਕਾਇਤ ਅਨੁਸਾਰ ਪੀੜਤ ਪਰਿਵਾਰ ਅਤੇ ਮੁਲਜ਼ਮ ਉਪਨਗਰ ਕੁਰਲਾ ਵਿੱਚ ਇੱਕ ਹੀ ਇਮਾਰਤ ਵਿੱਚ ਰਹਿੰਦੇ ਸਨ। ਪੀੜਤ ਲੜਕੀ ਹਰ ਰੋਜ਼ ਮੁਲਜ਼ਮ ਦੇ ਘਰ ਅਰਬੀ ਵਿੱਚ ਕੁਰਾਨ ਪੜ੍ਹਨ ਲਈ ਜਾਂਦੀ ਸੀ।
ਸ਼ਿਕਾਇਤ ਅਨੁਸਾਰ 6 ਮਈ 2019 ਨੂੰ ਜਦੋਂ ਪੀੜਤ ਲੜਕੀ ਪੜ੍ਹਾਈ ਕਰਨ ਗਈ ਸੀ ਤਾਂ ਮੁਲਜ਼ਮ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਇਸ ਬਾਰੇ ਕਿਸੇ ਨਾਲ ਗੱਲ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਸੀ। ਘਰ ਪਰਤਣ 'ਤੇ ਲੜਕੀ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ, ਜਿਸ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ।