
ਗੈਸ ਸਿਲੰਡਰ ਫੱਟਣ ਦਾ ਧਮਾਕਾ ਇੰਨਾ ਤੇਜ ਸੀ ਕਿ ਘਰ ਦਾ ਫ਼ਰਸ਼ ਟੁੱਟ ਗਿਆ ਤੇ ਛੱਤ ਵੀ ਡਿੱਗ ਪਈ, ਜਿਸਦੇ ਮਲਬੇ ਵਿਚ ਤਿੰਨੇ ਦੱਬ ਗਏ
Haryana Cylinder Blast News: ਹਰਿਆਣਾ ਦੇ ਬਹਾਦੁਰਗੜ੍ਹ ਦੀ ਉੱਤਮ ਨਗਰ ਕਲੋਨੀ 'ਚ ਸੋਮਵਾਰ ਸ਼ਾਮ ਨੂੰ ਚਾਹ ਬਣਾਉਣ ਵੇਲੇ ਅਚਾਨਕ ਗੈਸ ਸਿਲੰਡਰ ਫੱਟਣ ਨਾਲ ਮਾਂ ਅਤੇ ਉਸ ਦੀ ਵੱਡੀ ਧੀ ਦੀ ਮੌਤ ਹੋ ਗਈ ਤੇ ਛੋਟੀ ਧੀ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।
ਗੈਸ ਸਿਲੰਡਰ ਫੱਟਣ ਦਾ ਧਮਾਕਾ ਇੰਨਾ ਤੇਜ ਸੀ ਕਿ ਘਰ ਦਾ ਫ਼ਰਸ਼ ਟੁੱਟ ਗਿਆ ਤੇ ਛੱਤ ਵੀ ਡਿੱਗ ਪਈ, ਜਿਸਦੇ ਮਲਬੇ ਵਿਚ ਤਿੰਨੇ ਦੱਬ ਗਏ। ਦੱਸ ਦਈਏ ਕਿ ਝੱਜਰ ਰੋਡ 'ਤੇ ਸਥਿਤ ਉੱਤਮ ਕਲੋਨੀ 'ਚ ਜਿਤੇਂਦਰ ਅਤੇ ਜੈਪ੍ਰਕਾਸ਼ ਦੋਵੇਂ ਭਰਾ ਇੱਕੋ ਘਰ ਵਿਚ ਰਹਿੰਦੇ ਹਨ। ਪਹਿਲੀ ਮੰਜਿਲ 'ਤੇ ਜਤਿੰਦਰ ਦੀ ਘਰਵਾਲੀ ਚਾਹ ਬਣਾ ਰਹੀ ਸੀ ਤੇ ਉਸਦੀ 12 ਸਾਲਾਂ ਵੱਡੀ ਧੀ ਚਾਰਵੀ ਅਤੇ 5 ਸਾਲਾਂ ਛੋਟੀ ਧੀ ਪ੍ਰਿਯਲ ਵੀ ਮਾਂ ਨਾਲ ਰਸੋਈ 'ਚ ਮੌਜੂਦ ਸੀ।
ਰਸੋਈ ਵਿਚ 2 ਸਿਲੰਡਰ ਸਨ ਤੇ ਜਿਹੜਾ ਸਿਲੰਡਰ ਗੈਸ ਨਾਲ ਲੱਗਾ ਹੋਇਆ ਸੀ ਉਹ ਫੱਟ ਗਿਆ। ਗੈਸ ਸਿਲੰਡਰ ਫੱਟਣ ਦੀ ਖ਼ਬਰ ਦਾ ਪਤਾ ਲਗਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਏ ਅਤੇ ਤਿੰਨਾਂ ਨੂੰ ਐਮਬੂਲੈਂਸ ਬੁਲਾ ਬਹਾਦੁਰਗੜ੍ਹ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਹਸਪਤਾਲ 'ਚ ਡਾਕਟਰਾਂ ਨੇ ਮਾਂ ਅਤੇ ਵੱਡੀ ਧੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਅਤੇ ਛੋਟੀ ਧੀ ਜੋ ਗੰਭੀਰ ਹਾਲਤ 'ਚ ਸੀ ਨੂੰ ਇਲਾਜ ਲਈ ਪੀਜੀਆਈ ਰੋਹਤਕ ਰੈਫ਼ਰ ਕਰ ਦਿੱਤਾ ਗਿਆ ਹੈ।