 
          	ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਪਟੇਲ ਦੀ 150ਵੀਂ ਜੈਯੰਤੀ 'ਤੇ ਸ਼ਰਧਾਂਜਲੀ ਕੀਤੀ ਭੇਟ
PM Modi Pays Tribute to Sardar Patel on His 150th Birth Anniversary Latest News in Punjabi ਵਡੋਦਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ 150ਵੀਂ ਜੈਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿਚ ਏਕਤਾ ਨਗਰ ਨੇੜੇ ਸਰਦਾਰ ਪਟੇਲ ਦੀ 182 ਮੀਟਰ ਉੱਚੀ ਮੂਰਤੀ 'ਤੇ ਫੁੱਲਮਾਲਾ ਭੇਟ ਕਰਕੇ ਉਨ੍ਹਾਂ ਨੂੰ ਨਮਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਨੇ ਅਸੰਭਵ ਨੂੰ ਸੰਭਵ ਬਣਾਇਆ। ਇਕ ਭਾਰਤ ਦਾ ਸੱਭ ਤੋਂ ਵਧੀਆ ਵਿਚਾਰ ਉਨ੍ਹਾਂ ਲਈ ਸੱਭ ਤੋਂ ਮਹੱਤਵਪੂਰਨ ਸੀ। ਇਸੇ ਲਈ ਅੱਜ ਸਰਦਾਰ ਪਟੇਲ ਦੀ ਜੈਯੰਤੀ ਕੁਦਰਤੀ ਤੌਰ 'ਤੇ ਰਾਸ਼ਟਰੀ ਏਕਤਾ ਦਾ ਇਕ ਵਿਸ਼ਾਲ ਤਿਉਹਾਰ ਬਣ ਗਈ ਹੈ।
ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸਰਦਾਰ ਪਟੇਲ ਦਾ ਭਾਰਤ ਹੈ, ਜੋ ਅਪਣੀ ਸੁਰੱਖਿਆ ਅਤੇ ਸਨਮਾਨ ਨਾਲ ਕਦੇ ਵੀ ਸਮਝੌਤਾ ਨਹੀਂ ਕਰਦਾ। ਪੂਰੀ ਦੁਨੀਆਂ ਜਾਣਦੀ ਹੈ ਕਿ ਅੱਜ ਜੇ ਕੋਈ ਭਾਰਤ ਵੱਲ ਬੁਰੀ ਨਜ਼ਰ ਨਾਲ ਦੇਖਣ ਦੀ ਹਿੰਮਤ ਕਰਦਾ ਹੈ, ਤਾਂ ਭਾਰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਜਵਾਬ ਦਿੰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਹ ਲੋਹ ਪੁਰਸ਼ ਸਰਦਾਰ ਦਾ ਭਾਰਤ ਹੈ। ਅਸੀਂ ਵਿਚਾਰਧਾਰਕ ਲੜਾਈ ਜਿੱਤੀ ਅਤੇ ਨਕਸਲੀਆਂ ਨਾਲ ਉਨ੍ਹਾਂ ਦੇ ਘਰ ਵਿਚ ਜਾ ਕੇ ਮੁਕਾਬਲਾ ਵੀ ਕੀਤਾ ਤੇ ਨਤੀਜੇ ਅੱਜ ਦੇਸ਼ ਦੇ ਸਾਹਮਣੇ ਹਨ। 2014 ਤੋਂ ਪਹਿਲਾਂ ਦੇਸ਼ ਭਰ ਦੇ ਲਗਭਗ 125 ਜ਼ਿਲ੍ਹੇ ਮਾਉਵਾਦੀ ਦਹਿਸ਼ਤ ਤੋਂ ਪ੍ਰਭਾਵਤ ਸਨ। ਅੱਜ ਇਹ ਗਿਣਤੀ ਘਟ ਕੇ 11 ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦਾ ਮੰਨਣਾ ਸੀ ਕਿ ਸਾਨੂੰ ਇਤਿਹਾਸ ਲਿਖਣ ਵਿਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ, ਸਗੋਂ ਇਸ ਨੂੰ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਜੀਵਨੀ ਇਸੇ ਭਾਵਨਾ ਨੂੰ ਦਰਸਾਉਂਦੀ ਹੈ। ਸਰਦਾਰ ਪਟੇਲ ਨੇ ਜੋ ਫ਼ੈਸਲੇ ਲਏ, ਉਨ੍ਹਾਂ ਨੇ ਇਤਿਹਾਸ ਰਚਿਆ।
ਦੱਸਣਾ ਬਣਦਾ ਹੈ ਕਿ ਅਪਣੇ ਸੰਬੋਧਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਦਿਵਸ ਪਰੇਡ ਵਿਚ ਸਲਾਮੀ ਲਈ। ਪਰੇਡ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੁਕੜੀਆਂ ਦੀ ਅਗਵਾਈ ਮਹਿਲਾ ਅਧਿਕਾਰੀਆਂ ਨੇ ਕੀਤੀ।
(For more news apart from PM Modi Pays Tribute to Sardar Patel on His 150th Birth Anniversary Latest News in Punjabi stay tuned to Rozana Spokesman.)
 
                     
                
 
	                     
	                     
	                     
	                     
     
     
     
     
                     
                     
                     
                     
                    