
ਦੱਲੀ ਸ਼ਿਮਲਾ ਨਾਲੋਂ ਵੀ ਠੰਢੀ, ਰਾਜਸਥਾਨ ਵਿਚ ਤਿੰਨ ਮੌਤਾਂ, ਹਿਸਾਰ ਵਿਚ ਪਾਰਾ 1.6 ਡਿਗਰੀ 'ਤੇ ਪੁੱਜਾ...
ਚੰਡੀਗੜ੍ਹ, (ਸ ਸ ਸ): ਉੱਤਰ ਭਾਰਤ ਸੀਤ ਲਹਿਰ ਦੀ ਲਪੇਟ ਵਿਚ ਹੈ। ਪਹਾੜਾਂ 'ਤੇ ਪੈ ਰਹੀ ਬਰਫ਼ ਦਾ ਅਸਰ ਮੈਦਾਨਾਂ ਵਿਚ ਵੀ ਵਿਖਾਈ ਦੇ ਰਿਹਾ ਹੈ ਅਤੇ ਜਸਥਾਨ ਵਿਚ ਵੀ ਪਾਰਾ 4.5 ਡਿਗਰੀ ਤਕ ਡਿੱਗ ਗਿਆ ਹੈ। ਦਿੱਲੀ ਵਿਚ ਵੀ ਪਾਰਾ 2.6 ਡਿਗਰੀ ਦਰਜ ਕੀਤਾ ਗਿਆ ਹੈ ਜੋ ਸ਼ਿਮਲਾ ਤੋਂ ਵੀ ਘੱਟ ਹੈ। ਜੰਮੂ ਕਸ਼ਮੀਰ ਤੋਂ ਇਲਾਵਾ ਹਿਮਾਚਲ ਅਤੇ ਉਤਰਾਖੰਡ ਵਿਚ ਵੀ ਬਹੁਤੀਆਂ ਥਾਵਾਂ 'ਤੇ ਪਾਰਾ ਸਿਫ਼ਰ ਤੋਂ ਹੇਠਾਂ ਹੈ। ਰਾਜਸਥਾਨ ਵਿਚ ਠੰਢ ਕਾਰਨ ਤਿੰਨ ਮੌਤਾਂ ਹੋ ਗਈਆਂ ਹਨ।
ਹਰਿਆਣਾ ਅਤੇ ਪੰਜਾਬ ਵਿਚ ਐਤਵਾਰ ਨੂੰ ਠੰਢ ਕਾਫ਼ੀ ਵੱਧ ਗਈ। ਹਿਸਾਰ ਇਨ੍ਹਾਂ ਦੋਹਾਂ ਰਾਜਾਂ ਵਿਚ ਸੱਭ ਤੋਂ ਠੰਢਾ ਰਿਹਾ ਜਿਥੇ ਤਾਪਮਾਨ ਡਿੱਗ ਕੇ 1.6 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕਰਨਾਲ ਵਿਚ ਕਾਫ਼ੀ ਠੰਢ ਹੈ ਜਿਥੇ ਪਾਰਾ ਤਿੰਨ ਡਿਗਰੀ ਡਿੱਗ ਕੇ ਦੋ ਡਿਗਰੀ ਸੈਲਸੀਅਸ ਤਕ ਪਹੁੰਚ ਗਿਆ।
ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਗੁਰਦਾਸਪੁਰ ਸੱਭ ਤੋਂ ਠੰਢਾ ਰਿਹਾ ਜਿਥੇ ਹੇਠਲਾ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਦਾ ਹੇਠਲਾ ਤਾਪਮਾਨ 2.8 ਡਿਗਰੀ ਸੈਲਸੀਅਸ ਰਿਹਾ। ਪਟਿਆਲਾ ਦਾ ਹੇਠਲਾ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਘਟ ਹੈ। ਆਦਮਪੁਰ ਵਿਚ ਹੇਠਲਾ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਅਨੁਸਾਰ ਅੰਮ੍ਰਿਤਸਰ ਵਿਚ ਹੇਠਲਾ ਤਾਪਮਾਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਪਠਾਨਕੋਟ ਦਾ ਹੇਠਲਾ ਤਾਪਮਾਨ 5.5 ਡਿਗਰੀ ਸੈਲਸੀਅ ਰਿਹਾ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਦੋਹਾਂ ਰਾਜਾਂ ਵਿਚ ਕਈ ਥਾਵਾਂ 'ਤੇ ਐਤਵਾਰ ਸਵੇਰੇ ਕੋਹਰਾ ਵੱਧ ਰਿਹਾ। ਵਿਭਾਗ ਮੁਤਾਬਕ ਨਾਰਨੌਲ ਅਤੇ ਰੋਹਤਕ ਵਿਚ ਹੇਠਲਾ ਤਾਪਮਾਨ ਘੱਟ ਤੋਂ ਘੱਟ ਤਿੰਨ-ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ਅਤੇ ਸਿਰਸਾ ਵਿਚ ਵੀ ਹੇਠਲਾ ਤਾਪਮਾਨ ਘੱਟ ਹੋ ਕੇ 4.4 ਡਿਗਰੀ ਸੈਲਸੀਅਸ ਰਿਹਾ ਜਦਕਿ ਭਿਵਾਨੀ ਦਾ ਹੇਠਲਾ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਹਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਵਿਚ ਹੱਡ ਕੰਬਾਊ ਠੰਢ ਪੈ ਰਹੀ ਹੈ ਜਿਥੇ ਹੇਠਲਾ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਦੋ ਡਿਗਰੀ ਘੱਟ ਹੈ।