
Indore News: ਇੰਦੌਰ ਦੇ 69 ਸਾਲਾ ਵਪਾਰੀ ਨੇ ਮਰਨ ਉਪਰੰਤ ਦਿਤੀ 4 ਲੋਕਾਂ ਨੂੰ ਜ਼ਿੰਦਗੀ
Indore News: ਇੰਦੌਰ ਦਾ ਇਕ ਵਪਾਰੀ ਮਰਨ ਤੋਂ ਬਾਅਦ ਵੀ ਹਸਪਤਾਲ ’ਚ ਦਾਖ਼ਲ ਚਾਰ ਲੋਕਾਂ ਨੂੰ ਇਕ ਨਵੀਂ ਤੇ ਬਿਹਤਰ ਜ਼ਿੰਦਗੀ ਦੇ ਗਿਆ। ਮਰਨ ਉਪਰੰਤ ਅਪਣੇ ਅੰਗ ਦਾਨ ਕਰਨ ਵਾਲੇ 69 ਸਾਲਾ ਕਾਰੋਬਾਰੀ ਦੇ ਦੋਵੇਂ ਹੱਥ ਮੁੰਬਈ ਦੇ ਇਕ 28 ਸਾਲਾ ਵਿਅਕਤੀ ਨੂੰ ਟਰਾਂਸਪਲਾਂਟ ਕਰ ਕੇ ਨੌਜਵਾਨ ਲਈ ਨਵੀਂ ਜ਼ਿੰਦਗੀ ਦਾ ਰਾਹ ਪੱਧਰਾ ਕਰ ਦਿਤਾ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਇੰਦੌਰ ਦੇ ਟਾਇਲਸ ਵਪਾਰੀ ਸੁਰਿੰਦਰ ਪੋਰਵਾਲ (69) ਦਾ 23 ਦਸੰਬਰ ਨੂੰ ਸ਼ਹਿਰ ਦੇ ਇਕ ਨਿਜੀ ਹਸਪਤਾਲ ’ਚ ਅਪੈਂਡਿਕਸ ਦਾ ਆਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਸਟਰੋਕ ਕਾਰਨ ਬ੍ਰੇਨ ਡੈੱਡ ਐਲਾਨ ਦਿਤਾ ਗਿਆ ਸੀ। ਉਨ੍ਹਾਂ ਦਸਿਆ ਕਿ ਪੋਰਵਾਲ ਦੀ ਦੋ ਸਾਲ ਪਹਿਲਾਂ ਬ੍ਰੇਨ ਹੈਮਰੇਜ ਕਾਰਨ ਸਰਜਰੀ ਹੋਈ ਸੀ।
ਅਧਿਕਾਰੀਆਂ ਨੇ ਦਸਿਆ ਕਿ ਜੈਨ ਭਾਈਚਾਰੇ ਨਾਲ ਸਬੰਧਤ ਪੋਰਵਾਲ ਦੀ ਅੰਤਮ ਇੱਛਾ ਅਨੁਸਾਰ ਉਸ ਦੀ ਮੌਤ ਤੋਂ ਬਾਅਦ ਉਸ ਦੇ ਪ੍ਰਵਾਰਕ ਮੈਂਬਰ ਖੁਦ ਉਸ ਦੇ ਅੰਗ ਦਾਨ ਕਰਨ ਲਈ ਅੱਗੇ ਆਏ। ਉਨ੍ਹਾਂ ਕਿਹਾ ਕਿ ਸਰਜਨਾਂ ਨੇ ਸੋਮਵਾਰ ਸ਼ਾਮ ਨੂੰ 69 ਸਾਲਾ ਕਾਰੋਬਾਰੀ ਦੀ ਬ੍ਰੇਨ ਡੈੱਡ ਬਾਡੀ ਤੋਂ ਦੋਵੇਂ ਹੱਥ, ਜਿਗਰ ਅਤੇ ਦੋਵੇਂ ਗੁਰਦੇ ਪ੍ਰਾਪਤ ਕੀਤੇ।
ਇੰਦੌਰ ਸੋਸਾਇਟੀ ਫਾਰ ਆਰਗਨ ਡੋਨੇਸ਼ਨ ਦੇ ਸੰਸਥਾਪਕ ਸਕੱਤਰ ਡਾਕਟਰ ਸੰਜੇ ਦੀਕਸ਼ਿਤ ਨੇ ਦਸਿਆ, ‘ਪੋਰਵਾਲ ਦੁਆਰਾ ਮਰਨ ਉਪਰੰਤ ਦਾਨ ਕੀਤੇ ਗਏ ਦੋਵੇਂ ਹੱਥ ਇਕ ਵਿਸ਼ੇਸ਼ ਉਡਾਣ ਰਾਹੀਂ ਮੁੰਬਈ ਭੇਜੇ ਗਏ ਸਨ। ਇਨ੍ਹਾਂ ਹੱਥਾਂ ਨੂੰ ਮੁੰਬਈ ਦੇ ਇਕ ਨਿਜੀ ਹਸਪਤਾਲ ਵਿਚ ਇਲਾਜ ਅਧੀਨ ਇਕ 28 ਸਾਲਾ ਨੌਜਵਾਨ ਦੇ ਸਰੀਰ ਵਿਚ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ।ਉਸ ਨੇ ਦਸਿਆ ਕਿ ਇਸ ਨੌਜਵਾਨ ਨੂੰ ਕੁਝ ਸਾਲ ਪਹਿਲਾਂ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਸੀ, ਜਿਸ ਤੋਂ ਬਾਅਦ ਉਸ ਦੇ ਦੋਵੇਂ ਹੱਥ ਕੰਮ ਕਰਨਾ ਬੰਦ ਕਰ ਗਏ ਸਨ।
ਇਕ ਸਮਾਜਕ ਸੰਸਥਾ ‘ਮੁਸਕਾਨ’ ਦੇ ਕਾਰਕੁਨ ਸੰਦੀਪਨ ਆਰੀਆ ਨੇ ਦਸਿਆ ਕਿ ਪੋਰਵਾਲ ਦੇ ਦੋ ਗੁਰਦੇ ਸਥਾਨਕ ਹਸਪਤਾਲਾਂ ਵਿਚ ਦਾਖ਼ਲ ਦੋ ਮਰੀਜ਼ਾਂ ਵਿਚ ਟਰਾਂਸਪਲਾਂਟ ਕੀਤੇ ਗਏ ਸਨ, ਜਦੋਂ ਕਿ ਉਨ੍ਹਾਂ ਦੇ ਜਿਗਰ ਨੂੰ ਇਕ ਵਿਸ਼ੇਸ਼ ਉਡਾਣ ਰਾਹੀਂ ਮੁੰਬਈ ਭੇਜਿਆ ਗਿਆ ਸੀ ਅਤੇ ਇਕ ਹਸਪਤਾਲ ਵਿਚ ਦਾਖ਼ਲ ਮਰੀਜ਼ ਦੇ ਸਰੀਰ ਵਿਚ ਇਸ ਅੰਗ ਨੂੰ ਟਰਾਂਸਪਲਾਂਟ ਕੀਤਾ ਗਿਆ। ਉਨ੍ਹਾਂ ਦਸਿਆ ਕਿ ਪੋਰਵਾਲ ਦੇ ਪ੍ਰਵਾਰਕ ਮੈਂਬਰਾਂ ਨੇ ਉਸ ਦੀ ਚਮੜੀ ਅਤੇ ਅੱਖਾਂ ਵੀ ਦਾਨ ਕੀਤੀਆਂ ਹਨ।