
ਅਹਿਮਦਾਬਾਦ, 8 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਨਾਸਕਾਂਠਾ ਦੀ ਰੈਲੀ ਵਿਚ ਮੁਅੱਤਲ ਕਾਂਗਰਸੀ ਆਗੂ ਮਣੀਸ਼ੰਕਰ ਅਈਅਰ 'ਤੇ ਫਿਰ ਹਮਲਾ ਕੀਤਾ। ਅਈਅਰ ਨੇ ਕਲ ਮੋਦੀ ਨੂੰ ਨੀਚ ਕਿਸਮ ਦਾ ਆਦਮੀ ਦਸਿਆ ਸੀ। ਮੋਦੀ ਨੇ ਕਿਹਾ, 'ਅਈਅਰ ਨੇ ਕਲ ਮੇਰੇ ਬਾਰੇ ਕੀ ਕਿਹਾ ਸੀ? ਤੁਹਾਨੂੰ ਪਤਾ ਹੈ ਨਾ? ਮੈਂ ਗਾਲ ਦੀ ਗੱਲ ਨਹੀਂ ਕਰਦਾ ਕਿਉਂਕਿ ਗਾਲਾਂ ਸੁਣਨ ਦੀ ਆਦਤ ਪੈ ਗਈ ਹੈ। ਮੈਂ ਜਦ ਪ੍ਰਧਾਨ ਮੰਤਰੀ ਬਣਿਆ ਤਾਂ ਇਹ ਭਾਈ ਸਾਹਿਬ ਪਾਕਿਸਤਾਨ ਗਏ ਸਨ। ਉਥੇ ਜਾ ਕੇ ਮੈਨੂੰ ਮਰਵਾਉਣ ਦੀ ਸੁਪਾਰੀ ਦਿਤੀ ਸੀ। ਸੋਸ਼ਲ ਮੀਡੀਆ ਵਿਚ ਉਸ ਦੀ ਪਾਕਿਸਤਾਨ ਯਾਤਰਾ ਦਾ ਪੂਰਾ ਵੇਰਵਾ ਮੌਜੂਦ ਹੈ।' ਮੋਦੀ ਨੇ ਕਿਹਾ, 'ਤਦ ਉਸ ਨੇ ਉਥੋਂ ਦੇ ਲੋਕਾਂ ਨੂੰ ਕਿਹਾ ਸੀ ਕਿ ਜੇ ਤੁਸੀਂ ਮੋਦੀ ਨੂੰ ਰਸਤੇ ਵਿਚੋਂ ਨਹੀਂ ਹਟਾਉਗੇ ਤਾਂ ਭਾਰਤ-ਪਾਕਿਸਤਾਨ ਸਬੰਧ ਸੁਧਰ ਨਹੀਂ ਸਕਣਗੇ। ਹੁਣ ਤੁਸੀਂ ਦੱਸੋ ਕਿ ਮੋਦੀ ਨੂੰ ਰਸਤੇ ਵਿਚ ਹਟਾਉਣ ਲਈ ਪਾਕਿਸਤਾਨ ਦੀ ਮਦਦ ਦੀ ਲੋੜ ਪੈ ਰਹੀ ਹੈ? ਹੁਣ ਕਾਂਗਰਸ ਨੂੰ ਇਹ ਵੀ ਦਸਣਾ
ਚਾਹੀਦਾ ਹੈ ਕਿ ਉਸ ਦਾ ਪਾਕਿਸਤਾਨ ਕੁਨੈਕਸ਼ਨ ਕੀ ਹੈ? ਮੈਨੂੰ ਰਸਤੇ ਵਿਚੋਂ ਹਟਾਉਣ ਦਾ ਕੀ ਮਤਲਬ ਹੈ? ਪਾਕਿਸਤਾਨ ਜਾ ਕੇ ਮੈਨੂੰ ਮਰਵਾਉਣ ਦੀ ਗੱਲ ਕਰਦੇ ਹਨ।' ਮੋਦੀ ਨੇ ਕਾਂਗਰਸ ਵਿਰੁਧ ਦੋਸ਼ ਲਾਇਆ ਕਿ ਕਾਂਗਰਸ ਅਈਅਰ ਵਲੋਂ ਉਸ ਬਾਰੇ ਕਹੀਆਂ ਗਈਆਂ ਗੱਲਾਂ ਦਬਾਉਣ ਦਾ ਯਤਨ ਕਰ ਰਹੀ ਹੈ। ਮੋਦੀ ਨੇ ਕਿਹਾ, 'ਜਿਥੇ ਤਕ ਨਜ਼ਰ ਜਾਂਦੀ ਹੈ, ਉਥੇ ਭੀੜ ਹੀ ਵਿਖਾਈ ਦੇ ਰਹੀ ਹੈ। ਇਥੋਂ ਪਤਾ ਲਗਦਾ ਹੈ ਕਿ ਲੋਕ ਭਾਜਪਾ ਨੂੰ ਕਿੰਨਾ ਚਾਹੁੰਦੇ ਹਨ।'ਜ਼ਿਕਰਯੋਗ ਹੈ ਕਿ ਕਾਂਗਰਸ ਨੇ ਕਲ ਰਾਤ ਅਈਅਰ ਦੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਰੱਦ ਕਰ ਦਿਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਮਾੜੇ ਬੋਲ ਬੋਲਣ ਲਈ ਅਈਅਰ ਨੂੰ ਤਾਂ ਪਾਰਟੀ ਵਿਚੋਂ ਕੱਢ ਦਿਤਾ ਹੈ ਪਰ ਕਪਿਲ ਸਿੱਬਲ ਨੂੰ ਪਾਰਟੀ ਵਿਚੋਂ ਕਦੋਂ ਕਢਿਆ ਜਾਵੇਗਾ? ਉਨ੍ਹਾਂ ਕਿਹਾ ਕਿ ਕਪਿਲ ਸਿੱਬਲ ਵੀ ਅਈਅਰ ਜਿਹੀ ਮਾਨਸਿਕਤਾ ਵਾਲਾ ਸ਼ਖ਼ਸ ਹੈ।
(ਪੀ.ਟੀ.ਆਈ.)