
ਪਾਕਿਸਤਾਨ, 24 ਜਨਵਰੀ : ਅਮਰੀਕੀ ਸਲਾਹ ਅਤੇ ਹਿਦਾਇਤਾਂ ਦੇ ਬਾਵਜੂਦ ਪਾਕਿਸਤਾਨ ਅਤਿਵਾਦੀਆਂ ਨੂੰ ਪਨਾਹ ਦੇਣਾ ਬੰਦ ਨਹੀਂ ਕਰ ਰਿਹਾ। ਇਸ ਤੋਂ ਨਾਰਾਜ਼ ਅਮਰੀਕਾ ਨੇ ਪਾਕਿਸਤਾਨ ਦੇ ਅਤਿਵਾਦੀ ਟਿਕਾਣਿਆਂ 'ਤੇ ਬੰਬਾਰੀ ਸ਼ੁਰੂ ਕਰ ਦਿਤੀ ਹੈ। ਮੰਗਲਵਾਰ ਨੂੰ ਹੋਈ ਕਾਰਵਾਈ 'ਚ ਅਮਰੀਕੀ ਡਰੋਨ ਨੇ ਅਤਿਵਾਦੀ ਸੰਗਠਨ ਹੱਕਾਨੀ ਨੈਟਵਰਕ 'ਤੇ ਬੰਬਾਰੀ ਕੀਤੀ।ਨਿਊਜ਼ ਏਜੰਸੀ ਮੁਤਾਬਕ ਇਸ ਹਮਲੇ 'ਚ ਹੱਕਾਨੀ ਨੈਟਵਰਕ ਦੇ ਟਾਪ ਕਮਾਂਡਰ ਅਹਿਸਾਨ ਖਾਵੇਰੀ ਸਮੇਤ ਤਿੰਨ ਅਤਿਵਾਦੀ ਮਾਰੇ ਗਏ। ਅਮਰੀਕਾ ਲਗਾਤਾਰ ਪਾਕਿਸਤਾਨ 'ਚ ਅਤਿਵਾਦੀ ਟਿਕਾਣਿਆਂ 'ਤੇ ਡਰੋਨ ਹਮਲੇ ਕਰ ਰਿਹਾ ਹੈ। ਰੀਪੋਰਟ ਮੁਤਾਬਕ ਡਰੋਨ ਤੋਂ ਦੋ ਮਿਜ਼ਾਈਲਾਂ ਅਤਿਵਾਦੀ ਟਿਕਾਣਿਆਂ 'ਤੇ ਦਾਗ਼ੀਆਂ ਗਈਆਂ। ਇਹ ਹਮਲਾ ਹੰਗੂ ਜ਼ਿਲ੍ਹੇ ਨੇੜੇ ਕੀਤਾ ਗਿਆ।
ਅਮਰੀਕੀ ਡਰੋਨ ਨੇ ਉੱਤਰੀ ਵਜ਼ੀਰੀਸਤਾਨ 'ਚ ਸਪੀਨ ਥਾਲ ਨੇੜੇ ਅਫ਼ਗ਼ਾਨ ਸ਼ਰਨਾਰਥੀਆਂ ਦੇ ਇਕ ਘਰ ਨੂੰ ਨਿਸ਼ਾਨਾ ਬਣਾਇਆ, ਜਿਥੇ ਇਹ ਅਤਿਵਾਦੀ ਠਹਿਰੇ ਹੋਏ ਸਨ।ਜ਼ਿਕਰਯੋਗ ਹੈ ਕਿ ਸਾਲ 2018 'ਚ ਅਮਰੀਕਾ ਵਲੋਂ ਪਾਕਿਸਤਾਨ ਦੇ ਅਤਿਵਾਦੀਆਂ ਵਿਰੁਧ ਇਹ ਦੂਜਾ ਡਰੋਨ ਹਮਲਾ ਹੈ। ਇਸ ਤੋਂ ਪਹਿਲਾਂ 17 ਜਨਵਰੀ ਨੂੰ ਵੀ ਪਾਕਿ-ਅਫ਼ਗ਼ਾਨ ਸਰਹੱਦ 'ਤੇ ਹਮਲਾ ਕੀਤਾ ਗਿਆ ਸੀ, ਜਿਸ 'ਚ ਇਕ ਅਤਿਵਾਦੀ ਮਾਰਿਆ ਗਿਆ ਸੀ। ਅਮਰੀਕਾ ਵਲੋਂ ਕੀਤੇ ਜਾ ਰਹੇ ਡਰੋਨ ਹਮਲਿਆਂ ਦਾ ਪਾਕਿਸਤਾਨ ਲਗਾਤਾਰ ਵਿਰੋਧ ਕਰਦਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਾਲ 2016 'ਚ ਅਮਰੀਕੀ ਡਰੋਨ ਹਮਲੇ 'ਚ ਤਾਲਿਬਾਨੀ ਅਤਿਵਾਦੀ ਮੁੱਲਾ ਅਖ਼ਤਰ ਮੰਸੂਰ ਦੀ ਮੌਤ ਹੋ ਗਈ ਸੀ। (ਪੀਟੀਆਈ)