
ਅਮਿਤ ਸ਼ਾਹ ਨੂੰ ਅਦਾਲਤ ਨੇ ਸੋਹਰਾਬੂਦੀਨ ਸ਼ੇਖ ਅਤੇ ਉਸ ਦੀ ਪਤਨੀ ਦੇ ਕਤਲ ਦੇ ਕੇਸ ਵਿਚ 2014 ਵਿਚ ਬਰੀ ਕਰ ਦਿਤਾ ਗਿਆ ਸੀ ਪਰ ਅੱਜ ਤਿੰਨ ਸਾਲਾਂ ਬਾਅਦ ਇਹ ਕੇਸ ਮੁੜ ਤੋਂ ਉਨ੍ਹਾਂ ਵਾਸਤੇ ਮੁਸੀਬਤ ਬਣ ਰਿਹਾ ਹੈ। ਅਮਿਤ ਸ਼ਾਹ ਦਾ ਕੇਸ ਜਸਟਿਸ ਲੋਇਆ ਦੀ ਅਦਾਲਤ ਵਿਚ ਸੀ ਜਿਨ੍ਹਾਂ ਨੇ ਅਮਿਤ ਸ਼ਾਹ ਨੂੰ ਅਦਾਲਤ ਵਿਚ ਪੇਸ਼ ਹੋਣ ਨੂੰ ਵੀ ਆਖਿਆ ਸੀ। ਪਰ ਜਸਟਿਸ ਲੋਇਆ ਦੀ ਦਿਲ ਦੇ ਦੌਰੇ ਕਰ ਕੇ ਮੌਤ ਹੋ ਗਈ ਅਤੇ 29 ਦਿਨਾਂ ਬਾਅਦ ਇਕ ਹੋਰ ਜੱਜ ਵਲੋਂ ਇਹ ਕੇਸ ਖ਼ਾਰਜ ਕਰ ਦਿਤਾ ਗਿਆ।
ਹੁਣ ਜਸਟਿਸ ਲੋਇਆ ਦੇ ਪ੍ਰਵਾਰ ਅਤੇ ਜਸਟਿਸ ਏ.ਪੀ. ਸ਼ਾਹ, ਸਾਬਕਾ ਦਿੱਲੀ ਹਾਈ ਕੋਰਟ ਵਲੋਂ ਜਸਟਿਸ ਲੋਇਆ ਦੀ ਮੌਤ ਤੇ ਸਵਾਲ ਚੁੱਕੇ ਗਏ ਹਨ। ਪ੍ਰਵਾਰ ਦਾ ਕਹਿਣਾ ਹੈ ਕਿ ਉਹ ਡਰ ਕਰ ਕੇ ਤਿੰਨ ਸਾਲ ਪਹਿਲਾਂ ਚੁੱਪ ਰਹੇ ਸਨ। ਉਨ੍ਹਾਂ ਇਕ ਰਸਾਲੇ 'ਦ ਕਾਰਵਾਂ' ਵਿਚ ਅਪਣੀ ਆਵਾਜ਼ ਚੁੱਕੀ ਹੈ ਅਤੇ ਉਨ੍ਹਾਂ ਵਲੋਂ ਜਸਟਿਸ ਲੋਇਆ ਦੀ ਮੌਤ ਬਾਰੇ ਸਵਾਲ ਕੀਤੇ ਗਏ ਹਨ:-
1. ਜਸਟਿਸ ਲੋਇਆ ਨੂੰ ਇਕ ਵਿਆਹ ਤੇ ਦੋ ਹੋਰ ਜੱਜ ਲੈ ਕੇ ਗਏ ਸਨ ਪਰ ਹਸਪਤਾਲ ਲਿਜਾਣ ਵੇਲੇ ਇਹ ਜੱਜ ਗ਼ਾਇਬ ਸਨ।
2. ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਇਕ ਆਟੋ ਰਿਕਸ਼ਾ ਵਿਚ ਇਕ ਨਿਜੀ ਹਸਪਤਾਲ ਲਿਆਂਦਾ ਗਿਆ।
3. ਮੌਤ ਦੇ ਸਮੇਂ ਬਾਰੇ ਅਲੱਗ ਅਲੱਗ ਵੇਰਵੇ ਹਨ।
4. ਉਨ੍ਹਾਂ ਦੇ ਕਪੜਿਆਂ ਉਤੇ ਖ਼ੂਨ ਦੇ ਨਿਸ਼ਾਨ ਸਨ।
5. ਪੋਸਟ ਮਾਰਟਮ ਰੀਪੋਰਟ ਉਤੇ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੇ ਹਸਤਾਖ਼ਰ ਹਨ ਪਰ ਉਨ੍ਹਾਂ ਦੇ ਪ੍ਰਵਾਰ ਵਿਚੋਂ ਕੋਈ ਇਸ ਰਿਸ਼ਤੇਦਾਰ ਨੂੰ ਨਹੀਂ ਜਾਣਦਾ।
6. ਉਨ੍ਹਾਂ ਦੀ ਲਾਸ਼ ਨੂੰ ਹਸਪਤਾਲ ਅਤੇ ਉਨ੍ਹਾਂ ਦੇ ਘਰ ਨਹੀਂ ਬਲਕਿ ਉਨ੍ਹਾਂ ਦੇ ਪਿੰਡ ਭੇਜ ਦਿਤਾ ਗਿਆ ਸੀ। ਫਿਰ ਇਕ ਆਰ.ਐਸ.ਐਸ. ਕਾਰਕੁਨ ਵਲੋਂ ਪ੍ਰਵਾਰ ਨੂੰ ਫ਼ੋਨ ਕੀਤਾ ਗਿਆ ਅਤੇ ਲਾਸ਼ ਨੂੰ ਨਾਗਪੁਰ ਪਹੁੰਚਾਉਣ ਦੀ ਮਦਦ ਕੀਤੀ ਗਈ।
7. ਉਨ੍ਹਾਂ ਦਾ ਫ਼ੋਨ ਵੀ ਦੇਰੀ ਨਾਲ ਲਾਸ਼ ਦੇ ਨਾਲ ਇਸੇ ਕਾਰਕੁਨ ਵਲੋਂ ਭੇਜਿਆ ਗਿਆ ਜਿਸ ਵਿਚੋਂ ਸਾਰਾ ਡਾਟਾ, ਕਾਲ ਰੀਕਾਰਡ ਸਾਫ਼ ਕਰ ਦਿਤੇ ਗਏ ਸਨ।
ਜਸਟਿਸ ਏ.ਪੀ. ਸ਼ਾਹ ਨੇ ਇਕ ਟੀ.ਵੀ. ਇੰਟਰਵਿਊ ਵਿਚ ਇਹ ਵੀ ਆਖਿਆ ਸੀ ਕਿ ਜਸਟਿਸ ਲੋਇਆ ਨੇ ਅਪਣੀ ਮੌਤ ਤੋਂ ਪਹਿਲਾਂ ਅਪਣੇ ਪ੍ਰਵਾਰ ਨੂੰ ਦਸਿਆ ਸੀ ਕਿ ਮੁੰਬਈ ਦੇ ਚੀਫ਼ ਜਸਟਿਸ, ਜਸਟਿਸ ਮੋਹਿਤ ਸ਼ਾਹ ਨੇ ਉਨ੍ਹਾਂ ਨੂੰ 100 ਕਰੋੜ ਰੁਪਏ ਲੈ ਕੇ ਅਮਿਤ ਸ਼ਾਹ ਨੂੰ ਬਰੀ ਕਰਨ ਵਾਸਤੇ ਆਖਿਆ ਸੀ।
ਪਰ ਹੁਣ ਇਸ ਗੁੱਥੀ ਨੂੰ ਹੋਰ ਉਲਝਾਉਂਦੇ ਹੋਏ ਜੱਜਾਂ ਨੇ ਦਾਅਵਾ ਕੀਤਾ ਹੈ ਕਿ ਪ੍ਰਵਾਰ ਗ਼ਲਤ ਹੈ ਅਤੇ ਉਹ ਉਨ੍ਹਾਂ ਦੇ ਨਾਲ ਹਸਪਤਾਲ ਵਿਚ ਸਨ।
ਪਰ ਇਸ ਮਾਮਲੇ ਵਿਚ ਜਾਂਚ ਦੀ ਮੰਗ ਵਧਦੀ ਜਾ ਰਹੀ ਹੈ। ਅੱਜ ਤਕ ਨਾ ਇਹ ਪਤਾ ਲੱਗ ਸਕਿਆ ਹੈ ਕਿ ਆਖ਼ਰ ਸੋਹਰਾਬੂਦੀਨ ਸ਼ੇਖ ਦਾ ਕਤਲ ਕਿਸ ਨੇ ਕੀਤਾ ਅਤੇ ਹੁਣ ਅਮਿਤ ਸ਼ਾਹ ਦੀ ਉਸ ਵਿਚ ਸ਼ਮੂਲੀਅਤ ਬਾਰੇ ਆਵਾਜ਼ਾਂ ਤੇਜ਼ ਹੋ ਰਹੀਆਂ ਹਨ। ਜੱਜਾਂ ਦੇ ਨਿਆਂਦੇਣ ਵਿਚ ਉਨ੍ਹਾਂ ਦੀ ਸੁਰੱਖਿਆ ਤੇ ਕੋਈ ਕਮੀ ਨਹੀਂ ਹੋ ਸਕਦੀ ਅਤੇ ਇਹ ਜਾਂਚ ਹੁਣ ਸਿਰਫ਼ ਜਸਟਿਸ ਲੋਇਆ ਦੇ ਨਿਆਂ ਦਾ ਮੁੱਦਾ ਨਹੀਂ ਬਲਕਿ ਨਿਆਂਪਾਲਿਕਾ ਵਾਸਤੇ ਇਕ ਸੱਚ ਦੀ ਘੜੀ ਬਣ ਗਈ ਹੈ।