ਸੰਪਾਦਕ ਸਮੇਤ 7 ਵਿਰੁਧ ਦਰਜ ਕਰਵਾਇਆ ਮਾਮਲਾ
ਨਵੀਂ ਦਿੱਲੀ/ਕਮਲਾ (ਗੁਜਰਾਤ), 9 ਅਕਤੂਬਰ: ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜੈ ਅਮਿਤ ਸ਼ਾਹ ਨੇ ਨਿਊਜ਼ ਪੋਰਟਲ 'ਦ ਵਾਇਰ' ਵਿਰੁਧ ਅਪਰਾਧਕ ਮਾਣਹਾਨੀ ਦਾ ਮਾਮਲਾ ਦਰਜ ਕਰਵਾ ਦਿਤਾ ਹੈ। ਉਨ੍ਹਾਂ ਅਪਣੀ ਕੰਪਨੀ ਦੇ ਟਰਨਓਵਰ 'ਚ ਭਾਰੀ ਵਾਧੇ ਦਾ ਦਾਅਵਾ ਕਰਨ ਵਾਲੀ ਖ਼ਬਰ ਨੂੰ ਲੈ ਕੇ ਸੱਤ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰਵਾਇਆ ਹੈ। ਅਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਐਸ.ਕੇ. ਗੜਵੀ ਨੇ ਇਸ ਮਾਮਲੇ 'ਚ ਅਦਾਲਤੀ ਜਾਂਚ ਦਾ ਹੁਕਮ ਦੇ ਦਿਤਾ ਹੈ।ਨਿਊਜ਼ ਪੋਰਟਲ ਦੀ ਰੀਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਕੰਪਨੀ ਦੇ ਕਾਰੋਬਾਰ 'ਚ 2014 'ਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਭਾਰੀ ਵਾਧਾ ਦਰਜ ਕੀਤਾ ਗਿਆ। ਜੈ ਅਮਿਤ ਸ਼ਾਹ ਨੇ ਇਸ ਮਾਮਲੇ 'ਚ ਖ਼ਬਰ ਲਿਖਣ ਵਾਲੇ, ਸੰਪਾਦਕ ਅਤੇ ਨਿਊਜ਼ ਪੋਰਟਲ ਦੇ ਮਾਲਕ ਸਮੇਤ ਸੱਤ ਵਿਅਕਤੀਆਂ ਵਿਰੁਧ ਗੁਜਰਾਤ ਦੀ ਮੈਟਰੋਪਾਲੀਟਨ ਅਦਾਲਤ 'ਚ ਅਪਰਾਧਕ ਮਾਣਹਾਨੀ ਮਾਮਲਾ ਦਰਜ ਕੀਤਾ। ਉਧਰ ਇਸ ਮਾਮਲੇ 'ਚ ਜੈ ਅਮਿਤ ਸ਼ਾਹ ਦੀ ਪ੍ਰਤੀਨਿਧਗੀ ਸਰਕਾਰੀ ਵਕੀਲ ਵਲੋਂ ਕੀਤੇ ਜਾਣ ਦੇ ਐਲਾਨ ਮਗਰੋਂ ਵੀ ਵਿਵਾਦ ਪੈਦਾ ਹੋ ਗਿਆ ਹੈ। ਉਨ੍ਹਾਂ ਦੀ ਅਦਾਲਤ 'ਚ ਪ੍ਰਤੀਨਿਧਗੀ ਅਡੀਸ਼ਨਲ ਸਾਲੀਸੀਟਰ ਜਨਰਲ ਤੁਸ਼ਾਰ ਮਹਿਤਾ ਕਰਨਗੇ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮਹਿਤਾ ਨੇ ਜੈ ਦਾ ਪੱਖ ਅਦਾਲਤ 'ਚ ਰੱਖਣ ਲਈ ਹਾਜ਼ਰ ਹੋਣ ਬਾਬਤ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਤੋਂ ਇਜਾਜ਼ਤ ਮੰਗੀ ਅਤੇ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਮਿਲ ਗਈ। ਗੋਇਲ ਨੇ ਜ਼ੋਰ ਦਿਤਾ ਕਿ ਇਸ ਰੀਪੋਰਟ ਦਾ ਮਕਸਦ ਭਾਜਪਾ ਅਤੇ ਸਰਕਾਰ ਨੂੰ ਬਦਨਾਮ ਕਰਨਾ ਹੈ।
ਕਾਂਗਰਸ ਨੇ ਇਸ ਬਾਰੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਇਸ ਦੀ ਪੂਰੀ ਜਾਣਕਾਰੀ ਹੈ ਕਿਉਂਕਿ ਜੈ ਵਿਰੁਧ ਖ਼ਬਰ ਆਉਣ ਤੋਂ ਪਹਿਲਾਂ ਹੀ ਏ.ਐਸ.ਜੀ. ਨੂੰ ਇਸ ਦੀ ਮਨਜ਼ੂਰੀ ਮਿਲ ਗਈ ਸੀ। ਜਦਕਿ ਕੇਂਦਰੀ ਮੰਤਰੀ ਗੋਇਲ ਨੇ ਕਿਹਾ ਕਿ ਖ਼ਬਰ ਨਸ਼ਰ ਕਰਨ ਵਾਲੀ ਵੈੱਬਸਾਈਟ ਨੇ ਜੈ ਅਮਿਤ ਸ਼ਾਹ ਨੂੰ ਪ੍ਰਸ਼ਨਾਵਲੀ ਦਿਤੀ ਸੀ ਜਿਸ ਕਾਰਨ ਜਿਸ ਕਾਰਨ ਸਰਕਾਰ ਨੂੰ ਇਸ ਮਾਮਲੇ ਬਾਰੇ ਪਤਾ ਸੀ।ਦੂਜੇ ਪਾਸੇ ਜੈਪੁਰ 'ਚ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਨੂੰ ਅਮਿਤ ਸ਼ਾਹ ਨੂੰ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ ਅਤੇ ਇਸ ਦਾਅਵੇ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਕਮਿਸ਼ਨ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਨਹੀ ਮੁਸ਼ਕਲ ਹੋਵੇਗਾ। ਦੇਸ਼ ਉਨ੍ਹਾਂ ਵਲ ਵੇਖ ਰਿਹਾ ਹੈ ਕਿ ਕੀ ਉਹ ਦੋਸਤੀ ਜਾਂ ਪਾਰਟੀਬਾਜ਼ੀ ਦੀ ਸਿਆਸਤ ਕਰਦੇ ਹਨ ਜਾਂ ਸੱਚਾਈ ਅਤੇ ਸਦਾਚਾਰ ਦਾ ਪਾਲਣ ਕਰਦੇ ਹਨ। ਮੋਦੀ ਦੇ 'ਨਾ ਖਾਵਾਂਗਾ, ਨਾ ਖਾਣ ਦੇਵਾਂਗਾ' ਵਾਲੇ ਬਿਆਨ ਦਾ ਜ਼ਿਕਰ ਕਰਦਿਆਂ ਕਾਂਗਰਸ ਮੀਤ ਪ੍ਰਧਾਨ ਨੇ ਕਿਹਾ ਕਿ ਹੁਣ ਅਮਿਤ ਸ਼ਾਹ ਦੇ ਪੁੱਤਰ ਦੀ ਕੰਪਨੀ 16000 ਗੁਣਾਂ ਵੱਧ ਗਈ ਤਾਂ ਮੋਦੀ ਜੀ ਖਾਮੋਸ਼ ਹੋ ਗਏ ਹਨ। ਅਪਣੇ ਇਕ ਟਵੀਟ 'ਚ ਉਨ੍ਹ੍ਹਾਂ ਕਿਹਾ, ''ਮੋਦੀ ਜੀ... ਤੁਸੀ ਚੌਕੀਦਾਰ ਸੀ ਜਾਂ ਹਿੱਸੇਦਾਰ? ਕੁੱਝ ਤਾਂ ਬੋਲੋ।''
ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦੀ ਕੰਪਨੀ ਦੇ ਟਰਨਓਵਰ 'ਚ ਭਾਰੀ ਵਾਧੇ ਦੇ ਦਾਅਵੇ ਵਾਲੀ ਮੀਡੀਆ ਰੀਪੋਰਟ 'ਤੇ ਚੁੱਪੀ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਲਾਇਆ। ਉਨ੍ਹਾਂ ਗੁਜਰਾਤ 'ਚ ਚੋਣ ਪ੍ਰਚਾਰ ਦੇ ਦੂਜੇ ਗੇੜ ਦੀ ਸ਼ੁਰੂਆਤ 'ਚ ਇਸ ਮੁੱਦੇ ਨੂੰ ਚੁਕਦਿਆਂ ਕੀਤੀ। 'ਦ ਵਾਇਰ' ਦੀ ਇਕ ਰੀਪੋਰਟ ਉਤੇ ਆਧਾਰਤ ਅਖ਼ਬਾਰਾਂ ਦੀਆਂ ਖ਼ਬਰਾਂ ਦਾ ਹਵਾਲਾ ਦਿੰਦਿਆਂ ਰਾਹੁਲ ਨੇ ਕਿਹਾ ਕਿ ਸ਼ਾਹ ਦੇ ਪੁੱਤਰ ਦੀ ਮਲਕੀਅਤ ਵਾਲੀ ਕੰਪਨੀ ਦਾ ਟਰਨਓਵਰ ਭਾਜਪਾ ਸਰਕਾਰ ਆਉਣ ਤੋਂ ਬਾਅਦ ਥੋੜ੍ਹੇ ਜਿਹੇ ਸਮੇਂ 'ਚ ਹੀ 16000 ਗੁਣਾਂ ਵੱਧ ਗਿਆ।ਰਾਹੁਲ ਨੇ ਖੇੜਾ ਜ਼ਿਲ੍ਹੇ ਦੇ ਕਮਲਾ ਪਿੰਡ 'ਚ ਕਿਹਾ, ''ਇਹ ਅਜੀਬ ਗੱਲ ਹੈ। 2014 'ਚ ਇਹ ਕੰਪਨੀ ਕੁੱਝ ਨਹੀਂ ਸੀ। ਮੋਦੀ ਜੀ ਸੱਤਾ 'ਚ ਆਏ ਅਤੇ ਸਟਾਰਟ ਅੱਪ ਇੰਡੀਆ ਅਤੇ ਮੇਕ ਇਨ ਇੰਡੀਆ ਦੀ ਸ਼ੁਰੂਆਤ ਕੀਤੀ। ਫਿਰ ਨੋਟਬੰਦੀ ਅਤੇ ਜੀ.ਐਸ.ਟੀ. ਦਾ ਕਦਮ ਚੁਕਿਆ। ਇਸ ਨੇ ਛੋਟੇ ਕਾਰੋਬਾਰੀਆਂ ਅਤੇ ਕਿਸਾਨਾਂ ਨੂੰ ਤਬਾਹ ਕਰ ਦਿਤਾ। ਪਰ ਇਸ ਦੌਰਾਨ ਇਕ ਕੰਪਨੀ ਸਾਹਮਣੇ ਆਉਂਦੀ ਹੈ। ਉਹ ਕੰਪਨੀ 2014 'ਚ ਕੁੱਝ ਨਹੀਂ ਸੀ ਪਰ ਕੁੱਝ ਮਹੀਨਿਆਂ ਅੰਦਰ ਇਹ ਏਨੀ ਵੱਡੀ ਹੋ ਗਈ ਕਿ ਇਸ ਕੰਪਨੀ ਦੀ ਕੀਮਤ 50 ਹਜ਼ਾਰ ਰੁਪਏ ਤੋਂ ਵੱਧ ਕੇ 870 ਕਰੋੜ ਰੁਪਏ ਹੋ ਗਈ।'' (ਪੀਟੀਆਈ)