
ਰੂਸ, ਚੀਨ ਅਤੇ ਉੱਤਰੀ ਕੋਰੀਆ ਤੋਂ ਬਾਅਦ ਅਜਿਹਾ ਕਰਨ ਵਾਲਾ ਭਾਰਤ ਬਣਿਆ ਚੌਥਾ ਦੇਸ਼
ਨਵੀਂ ਦਿੱਲੀ : ਭਾਰਤ ਨੇ ਬੀਤੀ ਦੇਰ ਰਾਤ ਰੇਲ ’ਤੇ ਬਣੇ ਮੋਬਾਇਲ ਲਾਂਚਰ ਸਿਸਟਮ ਦੀ ਵਰਤੋਂ ਕਰਕੇ ਅਗਨੀ-ਪ੍ਰਾਈਮ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਹ ਕੈਨਿਸਟਰਾਈਜ਼ਡ ਲਾਂਚਿੰਗ ਸਿਸਟਮ ਤੋਂ ਲਾਂਚ ਕੀਤੀ ਗਈ। ਇਸ ਦੇ ਲਈ ਰੇਲ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ। ਇਹ ਰੇਲ ਗੱਡੀ ਦੇਸ਼ ਦੇ ਹਰ ਉਸ ਕੋਨੇ ਤੱਕ ਜਾ ਸਕਦੀ ਹੈ, ਜਿੱਥੇ ਰੇਲ ਲਾਈਨ ਮੌਜੂਦ ਹੈ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਇਹ ਪ੍ਰੀਖਣ ਓਡੀਸ਼ਾ ਦੇ ਚਾਂਦੀਪੁਰ ਇੰਟੀਗ੍ਰੇਟਿਡ ਟੈਸਟ ਰੇਂਜ ਤੋਂ ਕੀਤਾ ਗਿਆ। ਇਹ ਪ੍ਰੀਖਣ ਨੇ ਭਾਰਤ ਨੂੰ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਕਰ ਦਿੱਤਾ ਹੈ ਜਿਨ੍ਹਾਂ ਕੋਲ ਰੇਲ ਨੈੱਟਵਰਕ ਤੋਂ ਮਿਜ਼ਾਈਲ ਲਾਂਚ ਕਰਨ ਵਾਲਾ ਕੈਨਿਸਟਰਾਈਜ਼ਡ ਲਾਂਚਿੰਗ ਸਿਸਟਮ ਹੈ।
ਭਾਰਤ ਤੋਂ ਪਹਿਲਾਂ, ਰੂਸ, ਚੀਨ ਅਤੇ ਉੱਤਰੀ ਕੋਰੀਆ ਨੇ ਮੋਬਾਈਲ ਰੇਲ ਲਾਂਚਰਾਂ ਦਾ ਪ੍ਰੀਖਣ ਕਰ ਚੁੱਕੇ ਹਨ। ਇਸ ਸੂਚੀ ’ਚ ਅਮਰੀਕਾ ਦਾ ਨਾਮ ਵੀ ਸ਼ਾਮਲ ਹੈ ਪਰ ਉਸ ਵੱਲੋਂ ਇਸ ਸਬੰਧੀ ਕਦੇ ਪੁਸ਼ਟੀ ਨਹੀਂ ਕੀਤੀ ਗਈ। ਅਗਨੀ-ਪ੍ਰਾਈਮ ਮਿਜ਼ਾਈਲ 2000 ਕਿਲੋਮੀਟਰ ਤੱਕ ਦੀ ਰੇਂਜ ਲਈ ਤਿਆਰ ਕੀਤੀ ਗਈ ਹੈ ਅਤੇ ਇਹ ਆਧੁਨਿਕ ਤਕਨੀਕ ਨਾਲ ਲੈਸ ਹੈ।
ਰੱਖਿਆ ਮੰਤਰੀ ਰਾਜਨਾਥ ਨੇ ਲਿਖਿਆ ਕਿ ਸਪੈਸ਼ਲ ਰੂਪ ਨਾਲ ਤਿਆਰ ਕੀਤਾ ਗਿਆ ਰੇਲ ਬੇਸਡ ਮੋਬਾਇਲ ਲਾਂਚਰ ਆਪਣੀ ਕਿਸਮ ਦਾ ਪਹਿਲਾ ਸਿਸਟਮ ਹੈ। ਜੋ ਹਰ ਤਰ੍ਹਾਂ ਦੇ ਰੇਲ ਨੈੱਟਵਰਕ ’ਤੇ ਕੰਮ ਕਰ ਸਕਦਾ ਹੈ। ਇਸ ਰਾਹੀਂ ਫੌਜ ਰਾਤ ਨੂੰ ਹਨੇਰੇ ਅਤੇ ਧੁੰਦ ਵਾਲੇ ਖੇਤਰਾਂ ਤੋਂ ਵੀ ਘੱਟ ਸਮੇਂ ਵਿੱਚ ਲਾਂਚ ਕਰ ਸਕਦੀ ਹੈ।