
ਨਵੀਂ ਦਿੱਲੀ, 10 ਫ਼ਰਵਰੀ: ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਵਿਕਾਸ ਦਰ ਵਧੀਆ ਹੋਣ ਦਾ ਦਾਅਵਾ ਕਰਨ ਵਾਲੀ ਐਨਡੀਏ ਸਰਕਾਰ ਨੂੰ ਅੱਜ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਵਿਕਾਸ ਯੂਪੀਏ ਦੇ 10 ਸਾਲ ਦੇ ਸ਼ਾਸਨ ਤੋਂ ਔਸਤ ਘੱਟ ਹੈ ਅਤੇ ਇਸ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਚਿਦੰਬਰਮ ਨੇ ਟਵੀਟ ਕਰ ਕੇ ਕਿਹਾ ਕਿ ਵਿਸ਼ਵ ਬੈਂਕ ਦੇ ਸਾਬਕਾ ਮੁੱਖ ਅਰਥਸ਼ਾਸਤਰੀ ਕੌਸ਼ਿਕ ਬਸੂ ਨੇ ਕਿਹਾ ਹੈ ਕਿ ਭਾਰਤ ਦੀ ਵਿਕਾਸ ਦਰ 30 ਸਾਲ ਦੀ ਔਸਤ ਤੋਂ ਘੱਟ ਹੈ ਪਰ ਵਿੱਤ ਮੰਤਰੀ ਅਰੁਣ ਜੇਤਲੀ ਕਹਿ ਰਹੇ ਹਨ ਕਿ ਵਿਕਾਸ ਦਰ ਬਿਹਤਰ ਹੈ।
ਚਿਦੰਬਰਮ ਨੇ ਦਾਅਵਾ ਕੀਤਾ ਕਿ ਐਨਡੀਏ ਦੇ ਚਾਰ ਸਾਲਾਂ ਵਿਚ ਵਿਕਾਸ ਦੀ ਔਸਤ 7.3 ਹੈ ਜੋ ਯੁਪੀਏ ਦੇ 10 ਸਾਲਾਂ ਦੇ ਸ਼ਾਸਨ ਦੀ ਔਸਤ ਤੋਂ ਘੱਟ ਹੈ। ਐਨਡੀਏ ਦੀ ਵਿਕਾਸ ਦਰ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਅਪਣੇ ਬਜਟ ਭਾਸ਼ਨ 2018-19 ਵਿਚ ਕਿਹਾ ਸੀ ਕਿ ਭਾਰਤੀ ਅਰਥਚਾਰੇ ਨੇ ਐਨਡੀਏ ਸਰਕਾਰ ਦੇ ਮਈ 2014 ਵਿਚ ਸੱਤਾ 'ਚ ਆਉਣ ਤੋਂ ਬਾਅਦ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰਤੀ ਅਰਥਚਾਰਾ ਹੁਣ 2.5 ਹਜ਼ਾਰ ਅਰਬ ਡਾਲਰ ਦਾ ਅਰਥਚਾਰਾ ਹੈ ਜੋ ਵਿਸ਼ਵ ਦਾ 7ਵਾਂ ਸੱਭ ਤੋਂ ਵੱਡਾ ਅਰਥਚਾਰਾ ਹੈ। (ਪੀ.ਟੀ.ਆਈ.)