
ਵੀਰੇਂਦਰ ਦੇਵ ਦੀਕਸ਼ਿਤ ਵਿਰੁਧ 'ਲੁਕਆਊਟ' ਸਰਕੂਲਰ ਜਾਰੀ
ਨਵੀਂ ਦਿੱਲੀ, 5 ਫ਼ਰਵਰੀ: ਸੀ.ਬੀ.ਆਈ. ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦਸਿਆ ਕਿ ਰਾਸ਼ਟਰੀ ਰਾਜਧਾਨੀ ਇਕ ਆਸ਼ਰਮ 'ਚ ਔਰਤਾਂ ਅਤੇ ਕੁੜੀਆਂ ਨੂੰ ਕਥਿਤ ਤੌਰ 'ਤੇ ਕੈਦ ਰੱਖਣ ਵਾਲੇ ਵੀਰੇਂਦਰ ਦੇਵ ਦੀਕਸ਼ਿਤ ਵਿਰੁਧ ਲੁਕਆਊਟ ਸਰਕੂਲਰ (ਐਲ.ਓ.ਸੀ.) ਜਾਰੀ ਕੀਤਾ ਗਿਆ ਹੈ।ਕਾਰਜਕਾਰੀ ਚੀਫ਼ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਸੀ. ਹਰੀਸ਼ੰਕਰ ਨੇ ਪੁਛਿਆ ਸੀ ਕਿ ਕੀ ਦੀਕਸ਼ਿਤ ਅਪਣੇ ਆਸ਼ਰਮ ਅਤੇ ਅਪਣੇ ਵਿਰੁਧ ਚਲ ਰਹੀ ਜਾਂਚ 'ਚ ਸ਼ਾਮਲ ਹੋਇਆ ਜਾਂ ਨਹੀਂ? ਇਸ ਤੋਂ ਬਾਅਦ ਸੀ.ਬੀ.ਆਈ. ਨੇ ਅਦਾਲਤ ਨੂੰ ਇਹ ਜਾਣਕਾਰੀ ਦਿਤੀ।ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ ਦੀ ਪਰਿਭਾਸ਼ਾ ਅਨੁਸਾਰ ਆਸ਼ਰਮ ਯੂਨੀਵਰਸਟੀ ਨਹੀਂ ਹੈ ਅਤੇ ਇਹ ਖ਼ੁਦ ਨੂੰ ਯੂਨੀਵਰਸਟੀ ਵਜੋਂ ਪੇਸ਼ ਨਹੀਂ ਕਰ ਸਕਦੀ।ਦੀਕਸ਼ਿਤ ਦੇ ਵਕੀਲ ਨੇ ਕਿਹਾ ਕਿ ਆਸ਼ਰਤ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ ਦੇ ਅਧਿਕਾਰ ਖੇਤਰ 'ਚ ਨਹੀਂ ਹੈ ਕਿਉਂਕਿ ਉਸ ਨੂੰ ਰੱਬ ਅਪਣੇ ਅਵਤਾਰ ਰਾਹੀਂ ਚਲਾ ਰਹੇ ਹਨ ਅਤੇ ਰੱਬ ਖ਼ੁਦ ਹੀ ਸਿਖਿਆ ਦਿੰਦੇ ਹਨ।
ਅਦਾਲਤ ਨੇ ਇਹ ਵੀ ਪੁਛਿਆ ਕਿ ਜੇ ਆਸ਼ਰਮ 'ਅਧਿਆਤਮਕ' ਸਥਾਨ ਹੈ ਤਾਂ ਉਥੇ ਕੁੜੀਆਂ ਅਤੇ ਔਰਤਾਂ ਨੂੰ ਬੰਦ ਕਰ ਕੇ ਕਿਉਂ ਰਖਿਆ ਗਿਆ, ਮਰਦਾਂ ਅਤੇ ਮੁੰਡਿਆਂ ਨੂੰ ਕਿਉਂ ਨਹੀਂ? ਇਸ 'ਤੇ ਆਸ਼ਰਮ ਦੇ ਵਕੀਲ ਨੇ ਕਿਹਾ ਕਿ ਸ਼ੰਕਰਾਚਾਰੀਆ ਮੁਤਾਬਕ ਔਰਤ ਨਰਕ ਦਾ ਰਾਹ ਹੈ।ਅੱਗੇ ਉਹ ਕੁੱਝ ਕਹਿ ਸਕਦੇ, ਇਸ ਤੋਂ ਪਹਿਲਾਂ ਅਦਾਲਤ ਨੇ ਕਿਹਾ ਕਿ ਉਹ ਅਜਿਹੀਆਂ ਦਲੀਲਾਂ ਲਈ ਉਨ੍ਹਾਂ ਵਿਰੁਧ ਅਦਾਲਤ ਦੀ ਤੌਹੀਨ ਦੀ ਕਾਰਵਾਈ ਕਰੇਗੀ ਅਤੇ ਨਾਲ ਹੀ ਉਨ੍ਹਾਂ ਅਦਾਲਤ 'ਚੋਂ ਸਾਰਿਆਂ ਨੂੰ ਜਾਣ ਲਈ ਕਿਹਾ। ਅਦਾਲਤ ਇਸ ਮਾਮਲੇ 'ਚ ਹੁਣ ਅੱਠ ਫ਼ਰਵਰੀ ਨੂੰ ਅਗਲੀ ਸੁਣਵਾਈ ਕਰੇਗੀ।ਅਦਾਲਤ ਇਕ ਜਨਹਿੱਤ ਅਪੀਲ 'ਤੇ ਸੁਣਵਾਈ ਕਰ ਰਹੀ ਸੀ ਜਿਸ 'ਚ ਇਕ ਗ਼ੈਰਸਰਕਾਰੀ ਜਥੇਬੰਦੀ ਨੇ ਦੋਸ਼ ਲਾਇਆ ਹੈ ਕਿ ਰੋਹਿਣੀ 'ਚ ਅਧਿਆਤਮਕ ਵਿਸ਼ਵਵਿਦਿਆਲਾ 'ਚ ਕੁੜੀਆਂ ਅਤੇ ਔਰਤਾਂ ਨੂੰ ਨਾਜਾਇਜ਼ ਤਰੀਕੇ ਨਾਲ ਕੈਦ ਕਰ ਕੇ ਰਖਿਆ ਗਿਆ ਸੀ। ਇਸ ਤੋਂ ਪਹਿਲਾਂ ਆਸ਼ਰਮ ਦੇ ਸੰਸਥਾਪਤ ਦੀਕਸ਼ਿਤ ਦੇ ਵਤੀਰੇ ਨੂੰ 'ਬਹੁਤ ਸ਼ੱਕੀ' ਦਸਦਿਆਂ ਸੀ.ਬੀ.ਆਈ. ਨੂੰ ਉਸ ਬਾਰੇ ਇਕ ਰੀਪੋਰਟ ਦਾਇਰ ਕਰਨ ਦਾ ਹੁਕਮ ਦਿਤਾ ਸੀ। (ਪੀਟੀਆਈ)