
ਉਟਾਵਾ, 28 ਫ਼ਰਵਰੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਡਿਨਰ ਪਾਰਟੀ 'ਚ ਖ਼ਾਲਿਸਤਾਨ ਸਮਰਥਕ ਜਸਪਾਲ ਅਟਵਾਲ ਨੂੰ ਸੱਦਾ ਦੇਣ ਦੇ ਮਾਮਲੇ 'ਚ ਪੈਦਾ ਹੋਏ ਵਿਵਾਦ ਲਈ ਉਨ੍ਹਾਂ ਨੇ ਭਾਰਤ ਨੂੰ ਜ਼ਿੰਮੇਵਾਰ ਦਸਿਆ ਹੈ। ਟਰੂਡੋ ਪਿਛਲੇ ਦਿਨੀਂ ਅਪਣੀ ਇਕ ਹਫ਼ਤੇ ਦੇ ਦੌਰੇ 'ਤੇ ਭਾਰਤ ਪਹੁੰਚੇ ਸਨ। ਜਸਟਿਨ ਟਰੂਡੋ ਨੇ ਕੈਨੇਡਾ ਪਹੁੰਚਦਿਆਂ ਹੀ ਅਪਣੇ ਸੁਰ ਬਦਲ ਲਏ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਕੁੱਝ ਲੋਕਾਂ ਨੇ ਅਟਵਾਲ ਨੂੰ ਵੀਜ਼ਾ ਦੇ ਕੇ ਉਨ੍ਹਾਂ ਦੀ ਭਾਰਤ ਯਾਤਰਾ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਟਰੂਡੋ ਨੇ ਇਸ ਨੂੰ ਅਪਣੇ ਵਿਰੁਧ ਸਾਂਸਦਾਂ ਦੀ ਸਾਜ਼ਿਸ਼ ਵੀ ਕਰਾਰ ਦਿਤਾ। ਹਾਲਾਂਕਿ ਵਿਵਾਦ ਪੈਦਾ ਮਗਰੋਂ ਭਾਰਤ 'ਚ ਹੁੰਦਿਆਂ ਉਨ੍ਹਾਂ ਕਿਹਾ ਸੀ ਕਿ ਅਟਵਾਲ ਨੂੰ ਸੱਦਾ ਦੇਣਾ ਮੰਦਭਾਗਾ ਸੀ ਅਤੇ ਉਨ੍ਹਾਂ ਨੂੰ ਕਦੇ ਵੀ ਕੈਨੇਡੀਆਈ ਸਫ਼ਾਰਤਖ਼ਾਨੇ ਵਲੋਂ ਸੱਦਾ ਨਹੀਂ ਮਿਲਣਾ ਚਾਹੀਦਾ ਸੀ।ਜ਼ਿਕਰਯੋਗ ਹੈ ਕਿ ਟਰੂਡੋ ਦੇ ਦੌਰੇ ਸਮੇਂ ਉਨ੍ਹਾਂ ਦੀ ਪਤਨੀ ਸੋਫੀ ਦੀ ਇਕ ਤਸਵੀਰ ਜਸਪਾਲ ਅਟਵਾਲ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। 19 ਫ਼ਰਵਰੀ ਨੂੰ ਮੁੰਬਈ 'ਚ ਕੈਨੇਡੀਆਈ ਪ੍ਰਧਾਨ ਮੰਤਰੀ ਦੇ ਸਨਮਾਨ 'ਚ ਕੈਨੇਡਾ ਦੇ ਹਾਈ ਕਮਿਸ਼ਨ ਵਲੋਂ ਡਿਨਰ ਪਾਰਟੀ ਰੱਖੀ ਗਈ ਸੀ। ਇਸ ਦੌਰਾਨ ਇਹ ਤਸਵੀਰ ਵਾਇਰਲ ਹੋਈ ਸੀ। ਅਟਵਾਲ ਨੂੰ 1986 'ਚ ਵੈਂਕੂਵਰਰ ਵਿਖੇ ਪੰਜਾਬ ਦੇ ਤਤਕਾਲੀ ਮੰਤਰੀ ਮਲਕੀਅਤ ਸਿੰਘ ਸਿੱਧੂ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ 'ਚ 20 ਸਾਲਾਂ ਦੀ ਸਜ਼ਾ ਦਿਤੀ ਗਈ ਸੀ।
ਵਿਵਾਦ ਪੈਦਾ ਹੋਣ ਮਗਰੋਂ ਕੈਨੇਡਾ 'ਚ ਵਿਰੋਧੀ ਧਿਰ ਨੇ ਟਰੂਡੋ 'ਤੇ ਮਿੱਤਰ ਦੇਸ਼ ਭਾਰਤ ਨਾਲ ਰਿਸ਼ਤੇ ਵਿਗਾੜਨ ਦਾ ਦੋਸ਼ ਲਾਇਆ ਸੀ ਜਿਸ ਦੇ ਜਵਾਬ 'ਚ ਟਰੂਡੋ ਦੇ ਦਫ਼ਤਰ 'ਚ ਇਕ ਸੀਨੀਅਰ ਅਫ਼ਸਰ ਨੇ ਲਿਖਤੀ ਜਵਾਬ 'ਚ ਕਿਹਾ ਸੀ ਕਿ ਅਟਵਾਲ ਦੀ ਹਾਜ਼ਰੀ ਭਾਰਤ ਸਰਕਾਰ ਵਿਚਲੀਆਂ ਧਿਰਾਂ ਨੇ ਯਕੀਨੀ ਬਣਾਈ ਸੀ। ਕੈਨੇਡੀਆਈ ਮੀਡੀਆ ਅਨੁਸਾਰ ਇਸ ਅਫ਼ਸਰ ਨੂੰ ਟਰੂਡੋ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੈਨੀਅਲ ਜੀਨ ਦਸਿਆ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਟਰੂਡੋ ਕੋਲੋਂ ਪੁਛਿਆ ਹੈ ਕਿ ਕੀ ਉਹ ਡੈਨੀਅਲ ਜੀਨ ਦੀ 'ਡੂੰਘੀ ਸਾਜ਼ਸ਼' ਦੀ ਗੱਲ ਨਾਲ ਸਹਿਮਤੀ ਰਖਦੇ ਹਨ? ਇਸ ਦੇ ਜਵਾਬ 'ਚ ਟਰੂਡੋ ਨੇ ਕਿਹਾ ਸੀ, ''ਜਦੋਂ ਸਾਡੇ ਪ੍ਰਮੁੱਖ ਸਫ਼ੀਰ ਅਤੇ ਸੁਰੱਖਿਆ ਅਧਿਕਾਰੀ ਕੈਨੇਡੀਆਈਆਂ ਨੂੰ ਕੁੱਝ ਕਹਿੰਦੇ ਹਨ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਇਹ ਸੱਚ ਹੈ।'' ਵਿਰੋਧੀ ਧਿਰ ਨੇ ਇਸ ਤੋਂ ਬਾਅਦ ਇਹ ਮੰਨ ਲਿਆ ਕਿ ਭਾਰਤ ਸਰਕਾਰ ਨੇ ਟਰੂਡੋ ਦੀ ਫੇਰੀ 'ਚ ਗੜਬੜ ਪੈਦਾ ਕਰਨ ਦੀ ਦੀ ਕੋਸ਼ਿਸ਼ ਕੀਤੀ। ਟਰੂਡੋ ਨੇ ਇਸ ਦਾ ਕੋਈ ਵਿਰਧ ਨਹੀਂ ਕੀਤਾ। ਦੂਜੇ ਪਾਸੇ ਟਰੂਡੋ ਦੇ ਇਸ ਰਵਈਏ 'ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰ ਕੇ ਕਿਹਾ, ''ਭਾਰਤ ਸਰਕਾਰ ਜਾਂ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਕੈਨੇਡੀਆਈ ਹਾਈ ਕਮਿਸ਼ਨ ਵਲੋਂ ਮੁੰਬਈ ਜਾਂ ਦਿੱਲੀ ਦੇ ਪ੍ਰੋਗਰਾਮ 'ਚ ਜਸਪਾਲ ਅਟਵਾਲ ਦੀ ਮੌਜੂਦਗੀ ਜਾਂ ਉਸ ਨੂੰ ਬੁਲਾਏ ਜਾਣ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਬਾਰੇ ਦਿਤਾ ਗਿਆ ਕੋਈ ਵੀ ਬਿਆਨ ਇਤਰਾਜ਼ਯੋਗ ਹੈ।''