ਨਵੀਂ ਦਿੱਲੀ, 5 ਦਸੰਬਰ: ਬਾਬਰੀ ਮਸਜਿਦ ਢਾਹੁਣ ਦੇ 25 ਸਾਲ ਪੂਰੇ ਹੋਣ ਤੋਂ ਪਹਿਲਾਂ ਕੇਂਦਰ ਨੇ ਸਾਰੇ ਸੂਬਿਆਂ ਨੂੰ ਚੌਕਸ ਰਹਿਣ ਅਤੇ ਸ਼ਾਂਤੀ ਯਕੀਨੀ ਕਰਨ ਨੂੰ ਕਿਹਾ ਹੈ ਤਾਕਿ ਦੇਸ਼ 'ਚ ਕਿਤੇ ਵੀ ਫ਼ਿਰਕੂ ਤਣਾਅ ਦੀ ਘਟਨਾ ਨਾ ਹੋਵੇ।
ਕੇਂਦਰੀ ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੰਤਰਾਲਾ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੀ ਇਕ ਚਿੱਠੀ 'ਚ ਉਨ੍ਹਾਂ ਕੋਲੋਂ ਸੰਵੇਦਨਸ਼ੀਲ ਥਾਵਾਂ 'ਤੇ ਢੁਕਵੇਂ ਸੁਰੱਖਿਆ ਬਲਾਂ ਦੀ ਤੈਨਾਤੀ ਕਰਨ ਅਤੇ ਵੱਧ ਤੋਂ ਵੱਧ ਚੌਕਸੀ ਵਰਤਣ ਨੂੰ ਕਿਹਾ ਹੈ ਤਾਕਿ ਸ਼ਾਂਤੀ ਵਿਵਸਥਾ 'ਚ ਖ਼ਲਲ ਪੈਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਸਕੇ।ਮੰਤਰਾਲੇ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਦੇ 25 ਸਾਲ ਪੂਰੇ ਹੋਣ ਮੌਕੇ ਦੋਹਾਂ ਧਰਮਾਂ ਵਲੋਂ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾ ਸਕਦੇ ਹਨ। ਹਾਲਾਂਕਿ, ਮੰਤਰਾਲੇ ਨੇ ਇਨ੍ਹਾਂ ਧਰਮਾਂ ਦਾ ਨਾਂ ਨਹੀਂ ਲਿਆ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਅਯੋਧਿਆ 'ਚ 6 ਦਸੰਬਰ, 1992 ਨੂੰ ਵਿਵਾਦਤ ਢਾਂਚਾ ਡੇਗ ਦਿਤਾ ਗਿਆ ਸੀ ਜਿਸ ਤੋਂ ਬਾਅਦ ਦੰਗੇ ਹੋਏ ਸਨ ਜਿਸ 'ਚ ਸੈਂਕੜੇ ਲੋਕ ਮਾਰੇ ਗਏ ਸਨ। ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਸੂਬਾ ਸਰਕਾਰਾਂ ਵਲੋਂ ਸੰਵੇਦਨਸ਼ੀਲ ਥਾਵਾਂ, ਧਾਰਮਕ ਅਸਥਾਨਾਂ, ਬਾਜ਼ਾਰਾਂ, ਬੱਸ ਟਰਮੀਨਲਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਹੋਰ ਬਲ ਤੈਨਾਤ ਕੀਤੇ ਜਾਣ ਦੀ ਉਮੀਦ ਹੈ ਤਾਕਿ ਕਾਨੂੰਨ ਵਿਵਸਥਾ ਕਾਇਮ ਰੱਖੀ ਜਾ ਸਕੇ। (ਪੀਟੀਆਈ)