
ਮੁੰਬਈ, 19 ਫ਼ਰਵਰੀ : ਈਡੀ ਨੇ ਅੱਜ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮੁੰਬਈ ਵਾਲੇ ਘਰ ਦੀ ਤਲਾਸ਼ੀ ਲਈ। ਪੰਜਾਬ ਨੈਸ਼ਨਲ ਬੈਂਕ ਦੇ 11400 ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ ਮਾਮਲੇ ਵਿਚ ਪੰਜਵੇਂ ਦਿਨ ਵੀ ਛਾਪੇ ਜਾਰੀ ਰਹੇ।ਸੂਤਰਾਂ ਨੇ ਦਸਿਆ ਕਿ ਈਡੀ ਦੇ ਅਧਿਕਾਰੀ ਨੀਰਵ ਮੋਦੀ ਦੇ ਦਖਣੀ ਮੁੰਬਈ ਦੇ ਵਰਲੀ 'ਚ ਪੈਂਦੇ ਸਮੁੰਦਰ ਮਹਿਲ ਬੰਗਲੇ 'ਤੇ ਪਹੁੰਚੇ ਅਤੇ ਤਲਾਸ਼ੀ ਲਈ। ਕੇਂਦਰੀ ਜਾਂਚ ਏਜੰਸੀ ਨੇ ਜਾਂਚ ਦੇ ਸਬੰਧ ਵਿਚ ਮੁੰਬਈ, ਪੁਣੇ, ਔਰੰਗਾਬਾਦ, ਠਾਣੇ, ਕੋਲਕਾਤਾ, ਦਿੱਲੀ, ਲਖਨਊ, ਬੰਗਲੌਰ ਅਤੇ ਸੂਰਤ ਸਮੇਤ ਵੱਖ ਵੱਖ ਸ਼ਹਿਰਾਂ ਵਿਚ 34 ਥਾਵਾਂ 'ਤੇ ਛਾਪਾ ਮਾਰਿਆ। ਈਡੀ ਨੇ ਹੁਣ ਤਕ 5694 ਕਰੋੜ ਰੁਪਏ ਦੀ ਕੀਮਤ ਦੇ ਹੀਰੇ, ਗਹਿਣੇ ਅਤੇ ਹੋਰ ਬੇਸ਼ਕੀਮਤੀ ਰਤਨ ਜ਼ਬਤ ਕੀਤੇ ਹਨ ਜਦਕਿ ਏਜੰਸੀ ਨੇ ਇਸ ਹਫ਼ਤੇ ਗੀਤਾਂਜਲੀ ਜੈੱਮਜ਼ ਦੇ ਮਾਲਕ ਮੋਹੁਲ ਚੋਕਸੀ ਨੂੰ ਸੰਮਨ ਵੀ ਦਿਤਾ। ਸੀਬੀਆਈ ਨੇ ਮੁੰਬਈ ਵਿਚ ਪੀਐਨਬੀ ਦੀ ਬ੍ਰੇਡੀ ਹਾਊਸ ਸ਼ਾਖ਼ਾ 'ਤੇ ਵੀ ਛਾਪਾ ਮਾਰਿਆ। ਇਸ ਸ਼ਾਖਾ ਵਿਚ ਹੀ ਮੁੱਖ ਘਪਲਾ ਹੋਇਆ ਹੈ। ਇਥੇ ਕਲ ਵੀ ਛਾਪਾ ਮਾਰਿਆ ਗਿਆ ਸੀ। ਸ਼ਾਖ਼ਾ ਨੂ ੰਸੀਲ ਕਰ ਦਿਤਾ ਗਿਆ ਹੈ ਅਤੇ ਆਮ ਆਵਾਜਾਈ ਰੋਕ ਦਿਤੀ ਗਈ।
ਸੂਤਰਾਂ ਨੇ ਦਸਿਆ ਕਿ ਈਡੀ ਜਾਂਚ ਅੱਗੇ ਲਿਜਾਣ ਲਈ ਮੋਦੀ, ਚੋਕਸੀ ਅਤੇ ਉਨ੍ਹਾਂ ਦੇ ਕਾਰੋਬਾਰ ਨਾਲ ਜੁੜੇ ਦਸਤਾਵੇਜ਼ ਇਕੱਠੇ ਕੀਤੇ ਜਾ ਰਹੇ ਹਨ। ਸੀਨੀਅਰ ਅਧਿਕਾਰੀ ਨੇ ਦਸਿਆ, 'ਈਡੀ ਦੁਆਰਾ 15 ਫ਼ਰਵਰੀ ਨੂੰ ਛਾਪੇ ਸ਼ੁਰੂ ਕੀਤੇ ਜਾਣ ਮਗਰੋਂ ਹੁਣ ਤਕ ਕਈ ਕੰਪਿਊਟਰ ਉਪਕਰਨ, ਹਾਰਡ ਡਰਾਈਵ ਅਤੇ ਦਸਤਾਵੇਜ਼ ਜ਼ਬਤ ਕੀਤੇ ਜਾ ਚੁਕੇ ਹਨ। ਏਜੰਸੀ ਦੇ ਵਿਸ਼ੇਸ਼ ਦਲ ਦੁਆਰਾ ਕੀਤੀਆਂ ਜਾ ਰਹੀਆਂ ਜਾਂਚਾਂ ਦੀ ਸਮੀਖਿਆ ਕਰਨ ਲਈ ਈਡੀ ਦੇ ਨਿਰਦੇਸ਼ ਕਰਨੈਲ ਸਿੰਘ ਅੱਜ ਮੁੰਬਈ ਪਹੁੰਚੇ। ਈਡੀ ਮੋਦੀ, ਚੋਕਸੀ ਅਤੇ ਘੁਟਾਲੇ ਨਾਲ ਜੁੜੇ ਹੋਰ ਲੋਕਾਂ ਦੀਆਂ ਘੱਟੋ ਘੱਟ ਦਰਜਨ ਅਚੱਲ ਸੰਪਤੀਆਂ ਕੁਰਕ ਕਰਨ ਵਾਲੀ ਹੈ। 200 ਨਕਲੀ ਕੰਪਨੀਆਂ ਵੀ ਜਾਂਚ ਦੇ ਘੇਰੇ ਵਿਚ ਹਨ। (ਏਜੰਸੀ)