
'ਨੀਰਵ ਮੋਦੀ ਕਿਥੇ ਹੈ' ਦੇ ਨਾਹਰੇ ਲੱਗੇ, ਦੋਹਾਂ ਸਦਨਾਂ ਵਿਚ ਵਾਰ-ਵਾਰ ਰੁਕੀ ਕਾਰਵਾਈ
ਨਵੀਂ ਦਿੱਲੀ, 5 ਮਾਰਚ : ਸੰਸਦ ਵਿਚ ਅੱਜ ਕਰੀਬ ਇਕ ਮਹੀਨੇ ਮਗਰੋਂ ਸ਼ੁਰੂ ਹੋਏ ਬਜਟ ਇਜਲਾਸ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਦੋਹਾਂ ਸਦਨਾਂ ਵਿਚ ਬੈਂਕ ਘਪਲੇ ਸਮੇਤ ਵੱਖ ਵੱਖ ਮੁੱਦਿਆਂ 'ਤੇ ਕਾਫ਼ੀ ਹੰਗਾਮਾ ਹੋਇਆ। ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਦਿਆਂ ਨਾਹਰੇਬਾਜ਼ੀ ਕੀਤੀ ਜਿਸ ਕਾਰਨ ਸਦਨ ਦੀ ਕਾਰਵਾਈ ਵਾਰ ਵਾਰ ਰੋਕਣੀ ਪਈ। ਲੋਕ ਸਭਾ ਤੇ ਰਾਜ ਸਭਾ ਵਿਚ ਰੌਲੇ ਕਾਰਨ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਨਹੀਂ ਹੋ ਸਕਿਆ। ਲੋਕ ਸਭਾ ਇਕ ਵਾਰ ਤੇ ਰਾਜ ਸਭਾ ਦੋ ਵਾਰ ਉਠਾਉਣੀ ਪਈ। ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ ਘਪਲੇ, ਆਂਧਰਾ ਪ੍ਰਦੇਸ਼ ਪੁਨਰਗਠਨ ਕਾਨੂੰਨ ਨੂੰ ਲਾਗੂ ਕਰਨ, ਕਾਵੇਰੀ ਅਤੇ ਕੁੱਝ ਹੋਰ ਮੁੱਦਿਆਂ ਸਬੰਧੀ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਲੋਕ ਸਭਾ ਵਿਚ ਜ਼ਬਰਦਸਤ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਪਹਿਲਾਂ ਇਕ ਘੰਟੇ ਲਈ ਅਤੇ ਫਿਰ ਦਿਨ ਭਰ ਲਈ ਰੋਕ ਦਿਤੀ ਗਈ। ਬਜਟ ਇਜਲਾਸ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੋਣ ਮਗਰੋਂ ਬੈਂਕ ਘਪਲੇ ਬਾਰੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ, ਆਂਧਰਾ ਲਈ ਵਿਸ਼ੇਸ਼ ਪੈਕੇਜ ਦੀ ਮੰਗ ਲਈ ਤੇਲਗੂ ਦੇਸਮ ਪਾਰਟੀ, ਕਾਵੇਰੀ ਮਾਮਲੇ ਸਬੰਧੀ ਅੰਨਾਡੀਐਮਕੇ ਅਤੇ ਤੇਲੰਗਾਨਾ ਵਿਚ ਰਾਖਵਾਂਕਰਨ ਦੇ ਮੁੱਦੇ 'ਤੇ ਤੇਲੰਗਾਨਾ ਰਾਸ਼ਟਰੀ ਸਮਿਤੀ (ਟੀਆਰਐਸ) ਦੇ ਮੈਂਬਰਾਂ ਨੇ ਹੰਗਾਮਾ ਕੀਤਾ।
ਸਪੀਕਰ ਸੁਮਿਤਰਾ ਮਹਾਜਨ ਨੇ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤਕ ਲਈ ਮੁਲਤਵੀ ਕਰ ਦਿਤੀ। ਫਿਰ ਦੁਬਾਰਾ ਕਾਰਵਾਈ ਸ਼ੁਰੂ ਹੋਈ ਤਾਂ ਹਾਲਾਤ ਪਹਿਲਾਂ ਵਾਲੇ ਰਹੇ ਅਤੇ ਸਪੀਕਰ ਨੇ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿਤੀ। ਇਸ ਤੋਂ ਪਹਿਲਾਂ ਬੈਠਕ ਸ਼ੁਰੂ ਹੁੰਦਿਆਂ ਹੀ ਚਾਰ ਮਰਹੂਮ ਮੈਂਬਰਾਂ ਨੂੰ ਸ਼ਰਧਾਂਜਲੀ ਦਿਤੀ ਗਈ। ਸਪੀਕਰ ਨੇ ਜਿਉਂ ਹੀ ਪ੍ਰਸ਼ਨ ਕਾਲ ਸ਼ੁਰੂ ਕੀਤਾ, ਵਿਰੋਧੀ ਧਿਰਾਂ ਦਾ ਰੌਲਾ ਸ਼ੁਰੂ ਹੋ ਗਿਆ। ਬੈਂਕ ਘਪਲੇ ਬਾਰੇ ਨਾਹਰੇਬਾਜ਼ੀ ਕੀਤੀ ਗਈ। ਕਾਂਗਰਸ ਦੇ ਕਈ ਮੈਂਬਰ ਸਪੀਕਰ ਸਾਹਮਣੇ ਆ ਕੇ ਨਾਹਰੇਬਾਜ਼ੀ ਕਰਨ ਲੱਗੇ। ਕਾਂਗਰਸ ਤੇ ਤ੍ਰਿਣਮੂਲ ਦੇ ਮੈਂਬਰ 'ਨੀਰਵ ਮੋਦੀ ਕਿਥੇ ਹੈ' ਦੇ ਨਾਹਰੇ ਲਾ ਰਹੇ ਸਨ। ਆਂਧਰਾ ਵਾਸਤੇ ਵਿਸ਼ੇਸ਼ ਪੈਕੇਜ ਲਈ ਤੇਲਗੂ ਦੇਸਮ ਪਾਰਟੀ ਦੇ ਮੈਂਬਰ ਵੀ ਨਾਹਰੇਬਾਜ਼ੀ ਕਰਦੇ ਹੋਏ ਸਪੀਕਰ ਅੱਗੇ ਪਹੁੰਚ ਗਏ। ਉਨ੍ਹਾਂ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਉਹ 'ਸਾਨੂੰ ਇਨਸਾਫ਼ ਚਾਹੀਦੈ' ਦੇ ਨਾਹਰੇ ਲਾ ਰਹੇ ਸਨ। (ਏਜੰਸੀ)