
ਨਵੀਂ ਦਿੱਲੀ, 13 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀ ਯੂਪੀਏ ਸਰਕਾਰ 'ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਵਿਚ ਬੈਂਕਾਂ ਉਤੇ ਚੋਣਵੇਂ ਉਦਯੋਗਪਤੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਦੇਣ ਲਈ ਦਬਾਅ ਪਾਇਆ ਗਿਆ। ਪ੍ਰਧਾਨ ਮੰਤਰੀ ਨੇ ਇਸ ਨੂੰ 2ਜੀ, ਕੋਲਾ ਅਤੇ ਰਾਸ਼ਟਰ ਮੰਡਲ ਖੇਡ ਘੁਟਾਲਿਆ ਤੋਂ ਵੀ ਵੱਡਾ ਘੁਟਾਲਾ ਕਰਾਰ ਦਿਤਾ। ਰਾਜਧਾਨੀ ਵਿਚ ਉਦਯੋਗ ਮੰਡਲ ਫ਼ਿੱਕੀ ਦੀ 90ਵੀਂ ਸਾਲਾਨਾ ਆਮ ਸਭਾ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਕਿਹਾ ਕਿ ਬੈਂਕਾਂ ਦੇ ਗ਼ੈਰ-ਉਪਜਾਊ ਅਸਾਸਿਆਂ (ਐਨਪੀਏ) ਜਾਂ ਡੁੱਬੇ ਹੋਏ ਕਰਜ਼ੇ ਦੀ ਸਮੱਸਿਆ ਪਿਛਲੀ ਸਰਕਾਰ ਦੇ 'ਅਰਥਸ਼ਾਸਤਰੀਆਂ' ਦੀ ਦੇਣ ਹੈ। ਪ੍ਰਧਾਨ ਮੰਤਰੀ ਨੇ ਅਪਣੀ ਸਰਕਾਰ ਵਲੋਂ ਗ਼ਰੀਬਾਂ ਲਈ ਕੀਤੀ ਗਈ ਪਹਿਲ ਬਾਰੇ ਦਸਿਆ। ਉਨ੍ਹਾਂ ਦਸਿਆ ਕਿ ਔਰਤਾਂ ਨੂੰ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਦਿਤੇ ਗਏ। ਇਸ ਤੋਂ ਇਲਾਵਾ ਹਰ ਪਰਵਾਰ ਨੂੰ ਬੈਂਕ ਖਾਤੇ ਅਤੇ ਨੌਜਵਾਨਾਂ ਨੂੰ ਕਰਜ਼ ਤੇ ਸਸਤੇ
ਮਕਾਨ ਦਿਤੇ ਗਏ। ਮੋਦੀ ਨੇ ਕਿਹਾ ਕਿ ਚੋਣਵੇਂ ਉਦਯੋਗਪਤੀਆਂ ਨੂੰ ਦਿਤਾ ਗਿਆ ਕਰਜ਼ਾ ਲੋਕਾਂ ਦੇ ਪੈਸੇ ਦੀ ਲੁੱਟ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਕੋਲਾ ਬਲਾਕ ਵੰਡ ਘਪਲੇ ਤੋਂ ਵੀ ਵੱਡਾ ਘਪਲਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਦਯੋਗ ਜਗਤ ਨੂੰ ਧਿਆਨ ਵਿਚ ਰੱਖ ਕੇ ਨੀਤੀਆਂ ਬਣਾ ਰਹੀ ਹੈ ਅਤੇ ਪੁਰਾਣੇ ਤੇ ਬੇਕਾਰ ਹੋ ਚੁਕੇ ਕਾਨੂੰਨਾਂ ਨੂੰ ਖ਼ਤਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦਾ ਪੈਸਾ ਬੈਂਕਾਂ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਕਾਲੇ ਧਨ ਤੋਂ ਪ੍ਰੇਸ਼ਾਨ ਹੋ ਚੁਕਾ ਸੀ, ਇਸ ਲਈ ਨੋਟਬੰਦੀ ਅਤੇ ਜੀਐਸਟੀ ਲਾਗੂ ਕਰਨਾ ਪਿਆ। ਮੋਦੀ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਲੋਕ ਸਿਸਟਮ ਨਾਲ ਹੀ ਲੜਦੇ ਰਹਿੰਦੇ ਸੀ ਪਰ ਸਾਡੀ ਸਰਕਾਰ ਨੇ ਇਹ ਹਾਲਾਤ ਬਦਲੇ। (ਏਜੰਸੀ)