
ਨਵੀਂ ਦਿੱਲੀ : ਸੰਸਦ 'ਚ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਨੂੰ ਸ਼ੁਰੂ ਹੋਇਆ। ਇਸ ਸੈਸ਼ਨ ਦੇ ਪਹਿਲੇ ਦਿਨ ਦੀ ਸ਼ੁਰੂਆਤ ਹੀ ਹੰਗਾਮੇ ਨਾਲ ਹੋਈ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮਚੇ ਹੰਗਾਮੇ ਲੋਕ ਸਭਾ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਲਈ ਮੁਲਤਵੀ ਕਰਨੀ ਪਈ ਪਰ ਹੰਗਾਮੇ ਕਾਰਨ ਬਾਅਦ 'ਚ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਜਿਵੇਂ ਹੀ ਪ੍ਰਸ਼ਨਕਾਲ ਸ਼ੁਰੂ ਕੀਤਾ, ਸਦਨ 'ਚ ਵਿਰੋਧੀ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਪੀ.ਐੱਨ.ਬੀ. ਘੁਟਾਲੇ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਕਈ ਮੈਂਬਰ ਸਪੀਕਰ ਦੇ ਆਸਨ ਨੇੜੇ ਪੁੱਜ ਕੇ ਨਾਅਰੇਬਾਜ਼ੀ ਕਰਨ ਲੱਗੇ। ਰਾਜ ਸਭਾ ਵੀ ਇਸ ਮਸਲੇ 'ਤੇ ਅਤੇ ਪੀ.ਐੱਨ.ਬੀ. ਧੋਖੇ ਨੂੰ ਲੈ ਕੇ ਹੰਗਾਮੇ ਕਾਰਨ ਪਹਿਲਾਂ 11.20 ਮਿੰਟ ਤੱਕ ਲਈ ਮੁਲਤਵੀ ਹੋਈ।
ਫਿਰ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਹੰਗਾਮਾ ਜਾਰੀ ਰਿਹਾ ਅਤੇ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕਰਨੀ ਪਈ। ਕਾਂਗਰਸ ਸਮੇਤ ਸਾਰੇ ਵਿਰੋਧੀ ਦਲ ਕੇਂਦਰ ਸਰਕਾਰ ਨੂੰ ਪੀ.ਐੱਨ.ਬੀ. ਧੋਖਾਧੜੀ ਕੇਸ 'ਚ ਘੇਰਨ 'ਚ ਜੁਟੇ ਹਨ। ਲੋਕ ਸਭਾ 'ਚ ਪੀ.ਐੱਨ.ਬੀ. ਧੋਖਾਧੜੀ ਕੇਸ 'ਤੇ ਚਰਚਾ ਲਈ ਆਰ.ਜੇ.ਡੀ. ਦੇ ਸੰਸਦ ਮੈਂਬਰ ਜੇ.ਪੀ. ਯਾਦਵ ਨੇ ਮੁਲਤਵੀ ਪ੍ਰਸਤਾਵ ਲਿਆਉਣ ਦਾ ਨੋਟਿਸ ਦਿੱਤਾ ਹੈ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਨਰੇਸ਼ ਅਗਰਵਾਲ ਨੇ ਰਾਜ ਸਭਾ 'ਚ ਇਸ ਮਸਲੇ 'ਤੇ ਮੁਲਤਵੀ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ। ਉੱਥੇ ਹੀ ਭਾਜਪਾ ਨੇ ਕਾਂਗਰਸ ਨੂੰ ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਸ਼ੱਕੀ ਭੂਮਿਕਾ ਦਾ ਮੁੱਦਾ ਚੁੱਕਣ ਦੀ ਰਣਨੀਤੀ ਬਣਾਈ ਹੈ। ਰਾਜ ਸਭਾ 'ਚ ਭਾਜਪਾ ਦੇ ਸੰਸਦ ਮੈਂਬਰ ਵਿਨੇ ਸਹਿਸਤਰਬੁੱਧੇ ਨੇ ਨਿਯਮ 267 ਦੇ ਅਧੀਨ ਮੁਲਤਵੀ ਪ੍ਰਸਤਾਵ ਲਿਆਉਣ ਦਾ ਨੋਟਿਸ ਦਿੱਤਾ ਹੈ।
ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਪੀ.ਐੱਨ.ਬੀ. ਸਕੈਮ ਦੇ ਵਿਰੋਧ 'ਚ ਗਾਂਧੀ ਜੀ ਦੀ ਮੂਰਤੀ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਪੀ.ਐੱਨ.ਬੀ. ਧੋਖਾਧੜੀ ਕੇਸ 'ਤੇ ਜਵਾਬ ਦਿੰਦੇ ਹੋਏ ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ,''ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦਾ ਮਾਮਲਾ ਕਾਂਗਰਸ ਨਾਲ ਜੁੜਿਆ ਹੋਇਆ ਹੈ। ਇਹ ਸਮੱਸਿਆ ਉਨ੍ਹਾਂ ਦੇ ਹੀ ਦੌਰ 'ਚ ਸ਼ੁਰੂ ਹੋਈ ਸੀ। ਉਹ ਇਸ ਮਸਲੇ 'ਤੇ ਦੇਸ਼ ਨੂੰ ਵਹਿਮੀ ਨਹੀਂ ਕਰ ਸਕਦੇ।''
ਪੀ.ਐੱਮ. ਮੋਦੀ ਦਾ ਸ਼ਾਹ ਅਤੇ ਮੰਤਰੀਆਂ ਨੇ ਕੀਤਾ ਸਵਾਗਤ
ਸੰਸਦ ਸੈਸ਼ਨ 'ਚ ਹਿੱਸਾ ਲੈਣ ਪੁੱਜੇ ਪੀ.ਐੱਮ. ਨਰਿੰਦਰ ਮੋਦੀ ਦਾ ਭਾਜਪਾ ਚੀਫ ਅਤੇ ਰਾਜ ਸਭਾ ਸੰਸਦ ਮੈਂਬਰ ਅਮਿਤ ਸ਼ਾਹ ਅਤੇ ਸਾਰੇ ਕੇਂਦਰੀ ਮੰਤਰੀਆਂ ਨੇ ਸਵਾਗਤ ਕੀਤਾ। ਪੂਰਬ-ਉੱਤਰ 'ਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੰਸਦ ਦੇ ਪਹਿਲੇ ਦਿਨ ਪੀ.ਐੱਮ. ਮੋਦੀ ਦਾ ਸਾਰੇ ਮੰਤਰੀਆਂ ਨੇ ਸਵਾਗਤ ਕੀਤਾ ਅਤੇ ਨਾਲ ਤਸਵੀਰਾਂ ਖਿੱਚਵਾਈਆਂ।