
ਲਖਨਊ, 6 ਨਵੰਬਰ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਉਂਚਾਹਾਰ ਵਿਚ ਐਨਟੀਪੀਸੀ ਪਲਾਂਟ ਵਿਚ ਵਾਪਰੇ ਹਾਦਸੇ ਨੂੰ ਭਾਜਪਾ ਸਰਕਾਰ ਦੀ ਘੋਰ ਲਾਪਰਵਾਹੀ ਦਾ ਨਤੀਜਾ ਦਸਿਆ ਅਤੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਰਾਜ ਦੀ ਯੋਗੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਗ਼ਲਤ ਕਾਰਜਪ੍ਰਣਾਲੀ ਕਾਰਨ ਇਨਸਾਨਾਂ ਦੀਆਂ ਜਾਨਾਂ ਦੀ ਕੀਮਤ ਕੁੱਝ ਨਹੀਂ ਰਹਿ ਗਈ। ਮਾਇਆਵਤੀ ਨੇ ਕਿਹਾ ਕਿ ਸਰਕਾਰ ਲੋਕਾਂ ਦਾ ਭਲਾ ਕਰਨ ਦੇ ਮਾਮਲੇ ਵਿਚ ਲਗਾਤਾਰ ਨਾਕਾਮ ਸਾਬਤ ਹੋ ਰਹੀ ਹੈ ਅਤੇ ਇਸ ਦੀ ਅਪਰਾਧਕ ਲਾਪਰਵਾਹੀ ਕਾਰਨ ਵੱਡੇ ਵੱਡੇ ਜਾਨਲੇਵਾ ਹਾਦਸੇ ਵਾਪਰ ਰਹੇ ਹਨ ਤੇ ਕੁਲ
ਮਿਲਾ ਕੇ ਭਾਜਪਾ ਸਰਕਾਰਾਂ ਪੂਰੀ ਤਰ੍ਹਾਂ ਬੇਪਰਵਾਹ, ਗ਼ੈਰ-ਜ਼ਿੰਮੇਵਾਰ ਅਤੇ ਅਸੰਵੇਦਨਸ਼ੀਲ ਬਣੀਆਂ ਹੋਈਆਂ ਹਨ। ਮਾਇਅਵਤੀ ਨੇ ਦੋਸ਼ ਲਾਇਆ ਕਿ ਭਾਜਪਾ ਦੇ ਨੇਤਾ ਗ਼ੈਰ-ਜ਼ਿੰਮੇਵਾਰਾਨਾ ਅਤੇ ਵਿਵਾਦਤ ਬਿਆਨ ਦੇਣ ਵਿਚ ਰੁੱਝ ਰਹਿੰਦੇ ਹਨ ਪਰ ਲੋਕਾਂ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ। ਮਾਇਆਵਤੀ ਨੇ ਕਿਹਾ ਕਿ ਏਨਾ ਹੀ ਨਹੀਂ, ਅਪਰਾਧ ਨੂੰ ਕੰਟਰੋਲ ਕਰਨ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਮਾਮਲੇ ਵਿਚ ਭਾਜਪਾ ਸਰਕਾਰਾਂ ਦੀ ਕੁਤਾਹੀ ਅਤੇ ਲਾਪਰਵਾਹੀ ਕਾਰਨ ਜਾਨਾਂ ਜਾ ਰਹੀਆਂ ਹਨ ਖ਼ਾਸਕਰ ਯੂਪੀ ਸਰਕਾਰ ਗਊ ਰਖਿਆ ਨੂੰ ਹੀ ਜਨਹਿੱਤ ਅਤੇ ਜਨਸੇਵਾ ਸਮਝ ਕੇ ਅਪਣੇ ਫ਼ਰਜ਼ਾਂ ਤੋਂ ਬੇਮੁਖ ਹੋ ਗਈ ਹੈ। (ਏਜੰਸੀ)