
ਕੋਰਬਾ, 11 ਸਤੰਬਰ : ਛੱਤੀਸਗੜ੍ਹ ਦੇ
ਸਰਗੁਜਾ ਇਲਾਕੇ ਵਿਚ ਦੋ ਘਟਨਾਵਾਂ 'ਚ ਭਾਲੂਆਂ ਦੇ ਹਮਲੇ 'ਚ ਚਾਰ ਪੇਂਡੂਆਂ ਦੀ ਮੌਤ ਹੋ
ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗਿਨਾਬਹਾਰ ਪਿੰਡ ਦਾ ਅਸ਼ਵਿਨ
ਅਤੇ ਲਿਨੁਸ ਐਤਵਾਰ ਦੁਪਹਿਰ ਨੂੰ ਡੰਗਰ ਚਾਰਨ ਗਏ ਸਨ ਕਿ ਭਾਲੂ ਨੇ ਅਸ਼ਵਿਨ 'ਤੇ ਹਮਲਾ ਕਰ
ਦਿਤਾ। ਜਦ ਲਿਨੁਸ ਉਸ ਨੂੰ ਬਚਾਉਣ ਲੱਗਾਂ ਤਾਂ ਭਾਲੂ ਨੇ ਉਸ ਉਤੇ ਵੀ ਹਮਲਾ ਕਰ ਦਿਤਾ।
ਦੋਹਾਂ ਦੀ ਉਮਰ ਕ੍ਰਮਵਾਰ 17 ਅਤੇ 42 ਸਾਲ ਸੀ। ਅਸ਼ਵਿਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ
ਲਿਨੁਸ ਨੇ ਹਸਪਤਾਲ ਵਿਚ ਦਮ ਤੋੜਿਆ।
ਦੂਜੀ ਘਟਨਾ ਵਿਚ ਰਾਮਾਨੁਜਨਗਰ ਇਲਾਕੇ ਵਿਚ
ਮਹੀਪਾਲ ਦੀ ਭਾਲੂ ਦੇ ਹਮਲੇ ਵਿਚ ਮੌਤ ਹੋ ਗਈ। ਉਹ ਐਤਵਾਰ ਨੂੰ ਜੰਗਲ ਲਾਗਲੇ ਖੇਤਾਂ ਵਿਚ
ਝੋਨੇ ਦੀ ਫ਼ਸਲ ਵੇਖਣ ਗਿਆ ਸੀ ਕਿ ਭਾਲੂ ਨੇ ਹਮਲਾ ਕਰ ਦਿਤਾ। ਉਸ ਦੀਆਂ ਚੀਕਾਂ ਸੁਣ ਕੇ ਜਦ
ਭੂਲਨ ਰਾਮ ਨੇ ਭਾਲੂ 'ਤੇ ਪੱਥਰ ਸੁੱਟੇ ਤਾਂ ਭਾਲੂ ਨੇ ਉਸ ਉਤੇ ਵੀ ਹਮਲਾ ਕਰ ਦਿਤਾ।
ਦੋਹਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਉਮਰ ਕ੍ਰਮਵਾਰ 42 ਅਤੇ 45 ਸਾਲ ਸੀ। ਜਦ ਪਿੰਡ ਵਾਲੇ
ਉਥੇ ਪਹੁੰਚੇ ਤਾਂ ਦੋਹਾਂ ਦੀ ਮੌਤ ਹੋ ਚੁੱਕੀ ਸੀ। ਇਕ ਜਣਾ ਜ਼ਖ਼ਮੀ ਵੀ ਹੋਇਆ। ਵਣ ਵਿਭਾਗ
ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ 25-25 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿਤੀ ਹੈ। ਬਾਕੀ
ਬਾਅਦ ਵਿਚ ਦਿਤੀ ਜਾਵੇਗੀ। (ਏਜੰਸੀ)