
ਨੇ
ਪਈ ਤਾ, 6 ਸਤੰਬਰ: ਭਾਰਤ ਨੇ ਅੱਜ ਕਿਹਾ ਕਿ ਉਹ ਰਖਾਇਨ ਸੂਬੇ 'ਚ ਅਤਿਵਾਦੀ ਹਿੰਸਾ ਨੂੰ
ਲੈ ਕੇ ਮਿਆਂਮਾਰ ਦੀ ਚਿੰਤਾ ਨੂੰ ਸਾਂਝਾ ਕਰਦਾ ਹੈ। ਇਸ ਸੂਬੇ 'ਚੋਂ ਸਵਾ ਲੱਖ ਰੋਹਿੰਗਾ
ਲੋਕ ਬੰਗਲਾਦੇਸ਼ ਚਲੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਧਿਰਾਂ ਨੂੰ ਦੇਸ਼
ਦੀ ਏਕਤਾ ਦਾ ਮਾਣ ਕਰਨ ਵਾਲਾ ਹੱਲ ਲੱਭਣ ਦੀ ਅਪੀਲ ਕੀਤੀ। ਮੋਦੀ ਨੇ ਇਥੇ ਸਟੇਟ ਕੌਂਸਲਰ
ਆਂਗ ਸਾਨ ਸੂ ਕੀ ਨਾਲ ਵਿਆਪਕ ਗੱਲਬਾਤ ਕੀਤੀ ਅਤੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਦੋਵੇਂ
ਦੇਸ਼ਾਂ ਦੀ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਦੀ ਸੁਰੱਖਿਆ ਅਤੇ ਸਥਿਰਤਾ ਕਾਇਮ ਰਖਣਾ
ਮਹੱਤਵਪੂਰਨ ਹੈ। ਦੋਵੇਂ ਆਗੂਆਂ ਨੇ ਅਤਿਵਾਦ ਨਾਲ ਲੜਨ ਅਤੇ ਸੁਰੱਖਿਆ ਸਹਿਯੋਗ ਮਜ਼ਬੂਤ ਕਰਨ
ਦਾ ਵੀ ਅਹਿਦ ਕੀਤਾ।
ਮੋਦੀ ਦੀ ਪਹਿਲੀ ਦੁਵੱਲੀ ਮਿਆਂਮਾਰ ਯਾਤਰਾ
ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਨੋਬੇਲ ਪੁਰਸਕਾਰ ਜੇਤੂ ਸੂ ਕੀ ਦੀ ਅਗਵਾਈ ਵਾਲੀ
ਮਿਆਂਮਾਰ ਦੀ ਸਰਕਾਰ ਸਵਾ ਲੱਖ ਰੋਹਿੰਗਾ ਮੁਸਲਮਾਨਾਂ ਨੂੰ ਲੈ ਕੇ ਕੌਮਾਂਤਰੀ ਦਬਾਅ ਦਾ
ਸਾਹਮਣਾ ਕਰ ਰਹੀ ਹੈ। ਰਖਾਇਨ ਸੂਬੇ 'ਚ ਮਿਆਂਮਾਰ ਦੀ ਫ਼ੌਜ ਵਲੋਂ ਸ਼ੁਰੂ ਕੀਤੀ ਗਈ ਕਾਰਵਾਈ
ਤੋਂ ਸਿਰਫ਼ ਦੋ ਹਫ਼ਤੇ ਮਗਰੋਂ ਇਹ ਸਵਾ ਲੱਖ ਰੋਹਿੰਗਾ ਮੁਸਲਮਾਨ ਬੰਗਲਾਦੇਸ਼ ਚਲੇ ਗਏ ਹਨ।
ਗੱਲਬਾਤ ਮਗਰੋਂ ਸੂ ਕੀ ਦੇ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਮੋਦੀ ਨੇ ਕਿਹਾ ਕਿ ਮਿਆਂਮਾਰ ਦੇ ਸਾਹਮਣੇ ਆ ਰਹੀਆਂ ਸਮੱਸਿਆਵਾਂ ਨੂੰ ਭਾਰਤ ਸਮਝਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਰਖਾਇਨ ਸੂਬੇ 'ਚ ਅਤਿਵਾਦੀ ਹਿੰਸਾ ਨੂੰ ਲੈ ਕੇ ਮਿਆਂਮਾਰ ਦੀਆਂ ਚਿੰਤਾਵਾਂ ਨੂੰ ਸਾਂਝਾ ਕਰਦਾ ਹੈ। ਉਹ ਖ਼ਾਸ ਤੌਰ 'ਤੇ ਬੇਗੁਨਾਹ ਲੋਕਾਂ ਅਤੇ ਫ਼ੌਜੀਆਂ ਦੀ ਜਾਨ ਨੂੰ ਲੈ ਕੇ ਵੀ ਦੁਖ ਪ੍ਰਗਟ ਕਰਦਾ ਹੈ।
ਮੋਦੀ ਨੇ ਕਿਹਾ, ''ਜਦੋਂ ਵੱਡੀ ਸ਼ਾਂਤੀ ਪ੍ਰਕਿਰਿਆ ਦੀ ਜਾਂ ਕਿਸੇ ਵਿਸ਼ੇਸ਼ ਮੁੱਦੇ ਦਾ ਹੱਲ ਲੱਭਣ ਦੀ ਗੱਲ ਆਉਂਦੀ ਹੈ ਤਾਂ ਅਸੀ ਉਮੀਦ ਕਰਦੇ ਹਾਂ ਕਿ ਸਾਰੀਆਂ ਧਿਰਾਂ ਇਕ ਹੱਲ ਦੀ ਭਾਲ ਲਈ ਮਿਲ ਕੇ ਕੰਮ ਕਰ ਸਕਦੀਆਂ ਹਨ ਜੋ ਕਿ ਮਿਆਂਮਾਰ ਦੀ ਏਕਤਾ ਅਤੇ ਖੇਤਰੀ ਅਖੰਡਤਾ ਦਾ ਮਾਣ ਕਰਦਿਆਂ ਸਾਰਿਆਂ ਲਈ ਸ਼ਾਂਤੀ, ਨਿਆਂ ਅਤੇ ਸਨਮਾਨ ਯਕੀਨੀ ਕਰਦਾ ਹੋਵੇ।''
ਇਕ ਦਿਨ ਪਹਿਲਾਂ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਸੀ ਕਿ ਰੋਹਿੰਗਾ ਲੋਕ ਨਾਜਾਇਜ਼ ਪ੍ਰਵਾਸੀ ਹਨ ਅਤੇ ਉਨ੍ਹਾਂ ਨੂੰ ਭਾਰਤ ਤੋਂ ਵਾਪਸ ਭੇਜ ਦਿਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਇਸ ਮੁੱਦੇ ਉਤੇ ਕਿਸੇ ਨੂੰ ਭਾਰਤ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ ਕਿਉਂਕਿ ਸਾਡੇ ਦੇਸ਼ ਨੇ ਦੁਨੀਆਂ ਭਰ 'ਚ ਸੱਭ ਤੋਂ ਜ਼ਿਆਦਾ ਸ਼ਰਨਾਰਥੀਆਂ ਨੂੰ ਥਾਂ ਦਿਤੀ ਹੈ।
ਮੋਦੀ ਅਤੇ ਸੂ ਕੀ ਦੀ ਗੱਲਬਾਤ ਮਗਰੋਂ ਦੋਹਾਂ ਧਿਰਾਂ ਵਿਚਕਾਰ
ਸਮੁੰਦਰੀ ਸੁਰੱਖਿਆ ਮਿਆਂਮਾਰ 'ਚ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ, ਸਿਹਤ ਅਤੇ
ਸੂਚਨਾ ਤਕਨੀਕ ਸਮੇਤ ਵੱਖੋ-ਵੱਖ ਖੇਤਰਾਂ 'ਚ 11 ਸਮਝੌਤੇ ਹੋਏ।
ਮੋਦੀ ਨੇ ਅਪਣੇ ਬਿਆਨ
'ਚ ਸੁਰੱਖਿਆ ਸਹਿਯੋਗ ਵਧਾਉਣ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਆਂਢੀ ਹੋਣ ਦੇ ਨਾਤੇ
ਦੋਹਾਂ ਦੇਸ਼ਾਂ ਦੀਆਂ ਇਕੋ ਜਿਹੀਆਂ ਸੁਰੱਖਿਆ ਚਿੰਤਾਵਾਂ ਹਨ। ਅਤਿਵਾਦ ਉਤੇ ਸਖ਼ਤ ਰੁਖ਼
ਅਪਣਾਉਂਦਿਆਂ ਸੂ ਕੀ ਨੇ ਕਿਹਾ, ''ਅਸੀ ਮਿਲ ਕੇ ਯਕੀਨੀ ਕਰਾਂਗੇ ਕਿ ਸਾਡੀ ਜ਼ਮੀਨ 'ਚ ਜਾਂ
ਗੁਆਂਢੀ ਦੇਸ਼ਾਂ ਦੀ ਜ਼ਮੀਨ ਉਤੇ ਅਤਿਵਾਦ ਜੜ੍ਹਾਂ ਨਾ ਜਮਾ ਸਕਣ। ਉਨ੍ਹਾਂ ਅਤਿਵਾਦ ਬਾਰੇ
ਸਖ਼ਤ ਰੁਖ਼ ਅਖਤਿਆਰ ਕਰਨ ਲਈ ਵੀ ਭਾਰਤ ਦਾ ਸ਼ੁਕਰੀਆ ਅਦਾ ਕੀਤਾ। ਮਿਆਂਮਾਰ ਨੇ ਪਿੱਛੇ ਜਿਹੇ
ਹੀ ਅਤਿਵਾਦ ਦੇ ਖ਼ਤਰੇ ਦਾ ਸਾਹਮਣਾ ਕੀਤਾ ਹੈ।
ਰੋਹਿੰਗਾ ਅਤਿਵਾਦੀਆਂ ਨੇ ਪਿਛਲੇ
ਮਹੀਨੇ ਰਖਾਇਨ ਸੂਬੇ 'ਚ ਪੁਲਿਸ ਚੌਕੀਆਂ ਉਤੇ ਹਮਲੇ ਕੀਤੇ ਸਨ ਜਿਨ੍ਹਾਂ 'ਚ 12 ਸੁਰੱਖਿਆ
ਮੁਲਜ਼ਮ ਮਾਰੇ ਗਏ। ਰੋਹਿੰਗਾ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹਿੰਸਾ
ਵਿਰੁਧ ਨਾ ਬੋਲਣ ਲਈ ਸੂ ਕੀ ਆਲੋਚਨਾਵਾਂ ਦਾ ਸ਼ਿਕਾਰ ਹੋਈ ਹੈ।
ਮੋਦੀ ਨੇ ਇਸ ਗੱਲ ਉਤੇ
ਜ਼ੋਰ ਦਿਤਾ ਕਿ ਮਿਆਂਮਾਰ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਉਨ੍ਹਾਂ ਵਿਚਕਾਰ
ਭਾਰਤ ਇਸ ਦੇਸ਼ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਮਿਆਂਮਾਰ ਦੇ ਉਨ੍ਹਾਂ
ਨਾਗਰਿਕਾਂ ਨੂੰ ਮੁਫ਼ਤ ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਭਾਰਤ ਆਉਣਾ ਚਾਹੁੰਦੇ ਹਨ।
ਮਿਆਂਮਾਰ
ਲਈ ਭਾਰਤ ਦੀ ਮਦਦ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਲਾਦਾਨ ਪ੍ਰਾਜੈਕਟ ਹੇਠ ਪਾਲੇਤਵਾ
ਇਨਲੈਂਡ ਵਾਟਰਵੇਜ ਟਰਮੀਨਲ ਅਤੇ ਸਿਤਵੇ ਬੰਦਰਗਾਹ ਉਤੇ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ
ਕਿਹਾ ਕਿ ਗੁਆਂਢੀ ਦੇਸ਼ ਅਤੇ 'ਐਕਟ ਈਸਟ ਨੀਤੀ' ਹੇਠ ਮਿਆਂਮਾਰ ਨਾਲ ਰਿਸ਼ਤਿਆਂ ਨੂੰ ਡੂੰਘਾ
ਕਰਨਾ ਭਾਰਤ ਲਈ ਪਹਿਲ ਹੈ। (ਪੀਟੀਆਈ)