
ਕਲਕੱਤਾ, 16 ਨਵੰਬਰ: ਭਾਰਤ ਅਤੇ ਸ੍ਰੀਲੰਕਾਈ ਕ੍ਰਿਕਟ ਟੀਮਾਂ ਦਰਮਿਆਨ 3 ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਮੁਕਾਬਲਾ ਕਲਕੱਤਾ ਦੇ ਇਤਿਹਾਸਕ ਈਡਨ ਗਾਰਡਨਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਟੀਮ ਇੰਡੀਆ ਨੇ 11.5 ਓਵਰਾਂ 'ਚ 3 ਵਿਕਟਾਂ ਗਵਾ ਕੇ 17 ਦੌੜਾਂ ਬਣਾ ਲਈਆਂ ਹਨ।ਅਜਿੰਕੇ ਰਹਾਣੇ (0 ਦੌੜਾਂ) ਅਤੇ ਚੇਤੇਸ਼ਵਰ ਪੁਜਾਰਾ (8 ਦੌੜਾਂ) ਨਾਲ ਕਰੀਜ 'ਤੇ ਹਨ। ਰੁਕ-ਰੁਕ ਕੇ ਲਗਾਤਾਰ ਪੈ ਰਹੇ ਮੀਂਹ ਅਤੇ ਖ਼ਰਾਬ ਰੌਸ਼ਨੀ ਕਾਰਨ ਪਹਿਲੇ ਦਿਨ ਸਿਰਫ਼ 11.5 ਓਵਰ ਹੀ ਸੁੱਟੇ ਜਾ ਸਕੇ ਹਨ। ਭਾਰਤੀ ਟੀਮ ਨੂੰ ਪਹਿਲਾ ਝਟਕਾ ਮੈਚ ਦੀ ਪਹਿਲੀ ਗੇਂਦ 'ਤੇ ਹੀ ਲੱਗ ਗਿਆ,
ਜਦੋਂ ਲੋਕੇਸ਼ ਰਾਹੁਲ ਸੁਰੰਗਾ ਲਕਮਲ ਦੀ ਬਾਹਰ ਜਾਂਦੀ ਗੇਂਦ 'ਤੇ ਵਿਕਟ ਕੀਪਰ ਡਿਕਵੇਲਾ ਨੂੰ ਕੈਚ ਦੇ ਬੈਠੇ। ਰਾਹੁਲ 0 'ਤੇ ਆਊਟ ਹੋਏ। ਨਾਲ ਹੀ ਲਗਾਤਾਰ ਅੱਠ ਪਾਰੀਆਂ 'ਚ 50 ਤੋਂ ਉਪਰ ਦੌੜਾਂ ਬਣਾਉਣ ਦੇ ਵਿਸ਼ਵ ਰਿਕਾਰਡ ਤੋਂ ਵੀ ਖੁੰਝ ਗਏ।
ਰਾਹੁਲ ਨੂੰ ਆਊਟ ਕਰਨ ਤੋਂ ਬਾਅਦ ਲਕਮਲ ਨੇ ਸ਼ਿਖ਼ਰ ਧਵਨ ਨੂੰ ਆਊਟ ਕਰ ਕੇ ਭਾਰਤੀ ਟੀਮ ਨੂੰ ਦੂਜਾ ਝਟਕਾ ਦਿਤਾ। ਬਾਹਰ ਜਾਂਦੀ ਗੇਂਦ ਖੇਡਣ ਦੀ ਕੋਸ਼ਿਸ਼ 'ਚ ਧਵਨ ਗੇਂਦ ਨੂੰ ਵਿਕਟਾਂ 'ਤੇ ਖੇਡ ਬੈਠੇ। ਧਵਨ ਨੇ 8 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕਪਤਾਨ ਕੋਹਲੀ ਦੇ ਰੂਪ 'ਚ ਭਾਰਤੀ ਟੀਮ ਨੂੰ ਤੀਜਾ ਝਟਕਾ ਲਗਿਆ, ਜਦੋਂ ਸੁਰੰਗਾ ਲਕਮਲ ਦੀ ਗੇਂਦ 'ਤੇ ਉਹ ਐਲ.ਬੀ.ਡਬਲਿਊ. ਆਊਟ ਹੋ ਗਏ ਸਨ।ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਟੀਮ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿਤਾ। (ਏਜੰਸੀ)