
ਨਵੀਂ ਦਿੱਲੀ, 1 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਾਰਡਨ ਦੇ ਸ਼ਾਹ ਅਬਦੁੱਲਾ (ਦੂਜੇ) ਨਾਲ ਅਹਿਮ ਦੁਵੱਲੇ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਦੋਹਾਂ ਧਿਰਾਂ ਨੇ ਰਖਿਆ, ਅਤਿਵਾਦ ਵਿਰੁਧ ਸਹਿਯੋਗ, ਸਰਹੱਦੀ ਕਰ ਦੇ ਖੇਤਰ ਵਿਚ ਆਪਸੀ ਸਹਿਯੋਗ ਸਮੇਤ ਇਕ ਦਰਜਨ ਸਮਝੌਤਿਆਂ 'ਤੇ ਹਸਤਾਖਰ ਕੀਤੇ। ਦੋਹਾਂ ਆਗੂਆਂ ਵਿਚਕਾਰ ਦੁਵੱਲੀ ਗੱਲਬਾਤ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਦੋਵੇਂ ਦੇਸ਼ ਰਵਾਇਤੀ ਕਰੀਬੀ ਅਤੇ ਮਜ਼ਬੂਤ ਸਬੰਧਾਂ ਨੂੰ ਗਤੀ ਦੇ ਰਹੇ ਹਨ। ਭਾਰਤ ਤੇ ਜਾਰਡਨ ਨੇ ਰਖਿਆ ਖੇਤਰ ਵਿਚ ਸਹਿਯੋਗ ਲਈ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਜਿਨ੍ਹਾਂ ਵਿਚ ਸਿਖਲਾਈ, ਰਖਿਆ ਉਦਯੋਗ, ਅਤਿਵਾਦ ਵਿਰੁਧ ਸਹਿਯੋਗ, ਫ਼ੌਜੀ ਅਧਿਐਨ, ਸਾਈਬਰ ਸੁਰੱਖਿਆ, ਫ਼ੌਜੀ ਇਲਾਜ ਸੇਵਾ ਆਦਿ ਖੇਤਰਾਂ ਵਿਚ ਤਾਲਮੇਲ ਵਧਾਉਣ ਦਾ ਅਹਿਦ ਲਿਆ।
ਦੋਹਾਂ ਦੇਸ਼ਾਂ ਨੇ ਸਿਹਤ ਅਤੇ ਦਵਾਈਆਂ ਦੇ ਖੇਤਰ ਵਿਚ ਵੀ ਸਹਿਯੋਗ ਵਧਾਉਣ ਲਈ ਸਮਝੌਤਾ ਕੀਤਾ। ਇਸ ਦਾ ਮਕਸਦ ਸਿਹਤ, ਇਲਾਜ ਵਿਗਿਆਨ, ਇਲਾਜ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਬਰਾਬਰੀ ਅਤੇ ਆਪਸੀ ਲਾਭ ਦੇ ਆਧਾਰ 'ਤੇ ਤਾਲਮੇਲ ਵਧਾਉਣਾ ਹੈ। ਇਸ ਵਿਚ ਸੇਵਾ ਤੇ ਆਈਟੀ ਖੇਤਰ ਵਿਚ ਸਿਹਤ, ਸਿਹਤ ਖੋਜ, ਫ਼ਾਰਮਾ ਅਤੇ ਟੀਬੀ ਜਿਹੇ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਮਝੌਤੇ ਤਹਿਤ ਭਾਰਤ, ਜਾਰਡਨ ਵਿਚ ਅਗਲੀ ਪੀੜ੍ਹੀ ਦਾ ਸਿਖਲਾਈ ਕੇਂਦਰ ਸਥਾਪਤ ਕਰੇਗਾ ਜਿਸ ਰਾਹੀਂ ਅਗਲੇ ਪੰਜ ਸਾਲਾਂ ਵਿਚ 3000 ਆਈਟੀ ਪੇਸ਼ੇਵਰਾਂ ਨੂੰ ਸਿਖਲਾਈ ਦਿਤੀ ਜਾਵੇਗੀ। (ਏਜੰਸੀ)