
ਨਵੀਂ ਦਿੱਲੀ, 23 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇਥੇ ਅਤਿਵਾਦ ਅਤੇ ਖਾੜਕੂਵਾਦ ਦਾ ਮੁਕਾਬਲਾ ਕਰਨ ਨਾਲ ਜੁੜੇ ਮੁੱਦਿਆਂ ਸਮੇਤ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਡੂੰਘੀ ਵਿਚਾਰ-ਚਰਚਾ ਕੀਤੀ।
ਦੋਹਾਂ ਆਗੂਆਂ ਦੀ ਬੈਠਕ ਮਗਰੋਂ ਭਾਰਤ, ਕੈਨੇਡਾ ਨੇ ਊਰਜਾ ਖੇਤਰ ਵਿਚ ਸਹਿਯੋਗ ਸਮੇਤ ਛੇ ਸਮਝੌਤਿਆਂ 'ਤੇ ਹਸਤਾਖਰ ਕੀਤੇ। ਲਗਭਗ ਦੋ ਘੰਟੇ ਦੀ ਬੈਠਕ ਮਗਰੋਂ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਉਨ੍ਹਾਂ ਵਿਚਕਾਰ ਦੁਵੱਲੀ ਭਾਈਵਾਲੀ ਦੇ ਤਮਾਮ ਪਹਿਲੂਆਂ ਬਾਰੇ ਗੱਲਬਾਤ ਹੋਈ ਹੈ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੋਹਾਂ ਦੇਸ਼ਾਂ ਲਈ ਅਤਿਵਾਦ ਨਾਲ ਲੜਾਈ ਵਾਸਤੇ ਮਿਲ ਕੇ ਕੰਮ ਕਰਨਾ ਅਹਿਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਜੋ ਰਾਜਸੀ ਟੀਚਿਆਂ ਲਈ ਧਰਮ ਦੀ ਵਰਤੋਂ ਕਰਦੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਚੁਨੌਤੀ ਦੇਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੋਦੀ ਦਾ ਇਹ ਬਿਆਨ ਟਰੂਡੋ ਸਰਕਾਰ ਦੇ ਖ਼ਾਲਿਸਤਾਨ ਦੇ ਮੁੱਦੇ 'ਤੇ ਨਰਮ ਰੁਖ਼ ਮਗਰੋਂ ਆਇਆ ਹੈ। ਮੋਦੀ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇਸ਼ ਦੇ ਵੱਖ ਵੱਖ ਹਿਸਿਆਂ ਵਿਚ ਘੁੰਮੇ ਹਨ ਅਤੇ ਉਨ੍ਹਾਂ ਨੇ ਨਿਸ਼ਚਿਤ ਤੌਰ 'ਤੇ ਭਾਰਤ ਦੀ ਵੰਨ-ਸੁਵੰਨਤਾ ਦਾ ਅਹਿਸਾਸ ਕੀਤਾ ਹੋਵੇਗਾ। ਟਰੂਡੋ ਨੇ ਭਾਰਤ ਨੂੰ ਕਾਰੋਬਾਰੀ ਤਾਲਮੇਲ ਲਈ ਕੁਦਰਤੀ ਭਾਈਵਾਲ ਦਸਿਆ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਰੂਡੋ ਨਾਲ ਮੁਲਾਕਾਤ ਕਰ ਕੇ ਆਪਸੀ ਹਿਤਾਂ ਦੇ ਵੱਖ ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੋਹਾਂ ਆਗੂਆਂ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ, 'ਤਸਵੀਰ ਖ਼ੁਦ ਹੀ ਕਹਾਣੀ ਬਿਆਨ ਕਰਦੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨਾਲ ਗਰਮਜੋਸ਼ੀ ਭਰੀ ਮੁਲਾਕਾਤ ਹੋਈ। ਦੋਹਾਂ ਦੇ ਦੁਵੱਲੇ ਰਿਸ਼ਤੇ ਮਜ਼ਬੂਤ ਕਰਨ ਬਾਰੇ ਵਿਚਾਰਾਂ ਕੀਤੀਆਂ। ਟਰੂਡੋ ਦਾ ਰਾਸ਼ਟਰਪਤੀ ਭਵਨ ਵਿਚ ਵੀ ਰਸਮੀ ਸਵਾਗਤ ਕੀਤਾ ਗਿਆ। ਮੋਦੀ ਨੇ ਗਲ ਲਾ ਕੇ ਕੀਤਾ ਟਰੂਡੋ ਦਾ ਸਵਾਗਤ: ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਨੂੰ ਗਲ ਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਦੋਹਾਂ ਨੇ ਇਕ ਦੂਜੇ ਨੂੰ ਜੱਫੀ ਪਾ ਕੇ ਮਿਲਦਿਆਂ ਕੁੱਝ ਪਲ ਗੱਲਾਂ ਵੀ ਕੀਤੀਆਂ। ਰਾਸ਼ਟਰਪਤੀ ਭਵਨ ਵਿਚ ਰਸਮੀ ਸਵਾਗਤ ਮਗਰੋਂ ਟਰੂਡੋ ਰਾਜਘਾਟ ਪਹੁੰਚੇ ਜਿਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿਤੀ। ਉਸ ਵਕਤ ਪੂਰਾ ਪਰਵਾਰ ਵੀ ਟਰੂਡੋ ਨਾਲ ਸੀ। ਜਦ ਪ੍ਰਧਾਨ ਮੰਤਰੀ ਟਰੂਡੋ ਨੂੰ ਮਿਲ ਰਹੇ ਸਨ ਤਾਂ ਕੋਲ ਹੀ ਖਲੋਤੀ ਟਰੂਡੀ ਦੀ ਪਤਨੀ ਕਾਫ਼ੀ ਖ਼ੁਸ਼ ਹੋ ਰਹੀ ਸੀ।