
ਪਟਿਆਲਾ, 23 ਸਤੰਬਰ
(ਬਲਵਿੰਦਰ ਸਿੰਘ ਭੁੱਲਰ) : ਸੂਬਾ ਸਰਕਾਰ ਦੀਆਂ ਕਿਸਾਨੀ ਬਾਰੇ ਨੀਤੀਆਂ ਤੋਂ ਮਾਯੂਸ ਹੋ
ਕੇ ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਅਪਣੇ ਧਰਨੇ ਨੂੰ ਲਗਾਤਾਰ ਜਾਰੀ
ਰਖਦਿਆਂ ਭਾਰੀ ਬਾਰਸ਼ ਦੇ ਬਾਵਜੂਦ ਵਿਸ਼ਾਲ ਇਕੱਠ ਨਾਲ ਮਹਿਮਦਪੁਰ ਦਾਣਾ ਮੰਡੀ ਭਵਾਨੀਗੜ੍ਹ
ਰੋਡ ਵਿਖੇ ਅਪਣਾ ਧਰਨਾ ਦੂਜੇ ਦਿਨ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਖਿਆ ਭਾਵੇਂ ਕਿ
ਉਨ੍ਹਾਂ ਨੂੰ ਅਪਣੀਆਂ ਮੰਗਾਂ ਮਨਵਾਉਣ ਵਾਸਤੇ ਦਿਨ ਰਾਤ ਭਾਰੀ ਬਾਰਸ਼ ਕਾਰਨ ਅਸਹਿ ਅਤੇ
ਅਕਹਿ ਤਸੀਹੇ ਝੱਲਣੇ ਪੈ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਉਹ ਕਿਸਾਨਾਂ ਦੇ ਹੱਕਾਂ ਲਈ
ਪੂਰੀ ਤਰ੍ਹਾਂ ਡਟੇ ਹੋਏ ਹਨ।
ਸਾਰੀਆਂ ਹੀ ਸ਼ਾਮਲ ਜਥੇਬੰਦੀਆਂ ਦੇ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਲੋਕ-ਵਿਰੋਧੀ ਅਤੇ ਕਿਸਾਨ ਮਾਰੂ ਪਹੁੰਚ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਸਰਕਾਰ ਵਲੋਂ ਪਾਈਆਂ ਜਾ ਰਹੀਆਂ ਹਰ ਤਰ੍ਹਾਂ ਦੀਆਂ ਰੁਕਾਵਟਾਂ ਅਤੇ ਮੁਸ਼ਕਲਾਂਦੇ ਬਾਵਜੂਦ ਕਿਸਾਨ ਧਰਨਾ ਪੂਰੀ ਕਾਮਯਾਬੀ ਨਾਲ ਚਲ ਰਿਹਾ ਹੈ। ਬੁਲਾਰਿਆਂ ਨੇ ਪੁਰਜ਼ੋਰ ਸ਼ਬਦਾਂ 'ਚ ਕਿਸਾਨੀ ਮੰਗਾਂ ਨੂੰ ਲੈ ਕੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੇ ਬਿਲ ਵਧਾਉਣ ਦੀਆਂ ਅਸਿੱਧੇ ਤੌਰ 'ਤੇ ਕੋਝੇ ਹੱਥਕੰਡੇ ਅਪਣਾ ਰਹੀ ਹੈ ਪਰ ਕਿਸਾਨ ਕਿਸੇ ਵੀ ਤਰ੍ਹਾਂ ਇਸ ਕੋਝੀ ਚਾਲ ਸਿਰੇ ਨਹੀਂ ਲੱਗਣ ਦੇਣਗੇ।
ਕਿਸਾਨ
ਜਥੇਬੰਦੀਆਂ ਦਾ ਇਕ ਵਿਸ਼ੇਸ਼ ਵਫ਼ਦ ਅੱਜ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲਿਆ ਅਤੇ ਅਪਣਾ ਰੋਸ
ਜ਼ਾਹਰ ਕਰਦੇ ਹੋਏ ਅਪੀਲ ਵੀ ਕੀਤੀ ਕਿ ਉਨ੍ਹਾਂ ਨੂੰ ਸ਼ਹਿਰ ਦੇ ਅੰਦਰ ਹੀ ਦਾਣਾ ਮੰਡੀ ਵਾਲੀ
ਥਾਂ ਦਿਤੀ ਜਾਵੇ ਕਿਉਂਕਿ ਮੰਡੀ ਵਿਚ ਸ਼ੈੱਡ ਤੋਂ ਬਿਨਾਂ ਬਾਰਸ਼ ਵਾਲੇ ਹਾਲਾਤਾਂ ਵਿਚ
ਧਰਨਾਕਾਰੀਆਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ। ਵਫ਼ਦ ਨੇ ਡੀ.ਸੀ. ਨੂੰ ਜੇਲ ਅੰਦਰ ਬੰਦ
ਕਿਸਾਨਾਂ ਨੂੰ ਵੀ ਤੁਰਤ ਰਿਹਾਅ ਕਰਨ ਲਈ ਕਿਹਾ ਅਤੇ ਇਹ ਵੀ ਮੰਗ ਕੀਤੀ ਕਿ ਸ਼ਹਿਰ ਵਿਚ ਇਕ
ਦਿਨ ਰੋਸ ਮੁਜ਼ਾਹਰਾ ਕਰਨ ਦਿਤਾ ਜਾਵੇ ਕਿਉਂਕਿ ਕਿਸਾਨ ਵਫ਼ਦ ਦਾ ਸੁਝਾਅ ਹੈ ਕਿ ਇਹ ਸਾਰੀਆਂ
ਪਾਬੰਦੀਆਂ ਗ਼ੈਰ ਜਮਹੂਰੀ ਹਨ ਅਤੇ ਸ਼ਹਿਰ ਵਿਚ ਦਫ਼ਾ 144 ਲਗਾਉਣ ਦੀ ਕੋਈ ਤੁਕ ਨਹੀਂ ਬਣਦੀ।
ਵਫ਼ਦ ਨੇ ਕੁੱਝ ਨਾਕਿਆਂ ਤੇ ਪੁਲਿਸ ਕਰਮੀਆਂ ਵਲੋਂ ਕਿਸਾਨ ਧਰਨਾਕਾਰੀਆਂ ਨਾਲ ਰੋਕ-ਟੋਕ ਕਰਨ
ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਹੀਂ ਆਉਣੀਆਂ
ਚਾਹੀਦੀਆਂ। ਵਫ਼ਦ ਨੇ ਅਧਿਕਾਰੀਆਂ ਨੂੰ ਕਿਹਾ ਕਿ ਧਰਨੇ ਵਾਲੀ ਜਗ੍ਹਾਂ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਵੇਂ ਕਿ ਬਿਜਲੀ, ਪਾਣੀ, ਸਫ਼ਾਈ ਅਤੇ ਦਵਾਈਆਂ ਆਦਿ ਦੀ ਵੀ ਸੁਵਿਧਾ ਵਧਾਈ
ਜਾਵੇ।
ਸੱਤ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਅਪਣੇ ਭਾਸ਼ਣ ਵਿਚ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਉਭਾਰਦੇ ਹੋਏ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਘੌਲਾ/ਸੰਘਰਸ਼ਾਂ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਅੱਜ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੂਰਜ ਗਿੱਲ, ਸੁਖਦੇਵ ਸਿੰਘ ਕੌਕਰੀ ਜਨਰਲ ਸਕੱਤਰ ਕਿਸਾਨ ਯੂਨੀਅਨ ਉਗਰਾਹਾਂ, ਜਿਲ੍ਹਾ ਪ੍ਰਧਾਨ ਹਰਵਿੰਦਰ ਕੌਰ ਬਿੰਦੂ, ਕ੍ਰਾਂਤੀਕਾਰੀ ਪੰਜਾਬ ਦੇ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਸੁਰਮੁੱਖ ਸਿੰਘ ਸੇਲਵਰਾਹ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਨਿਰਭੈ ਸਿੰਘ ਢੁਡੀਕੇ, ਸੰਤੋਖ ਸਿੰਘ ਤੱਗੜ, ਆਦਿ ਹਾਜ਼ਰ ਸਨ।
ਸਰਕਾਰ ਦੇ
ਮਾੜੇ ਪ੍ਰਬੰਧਾਂ ਕਰ ਕੇ ਧਰਨੇ ਵਿਚ ਦੋ ਕਿਸਾਨਾਂ ਦੀ ਅਚਾਨਕ ਹਾਲਤ ਵਿਗੜਨ ਕਰ ਕੇ ਉਨ੍ਹਾਂ
ਨੂੰ ਮੌਕੇ ਤੇ ਡਾਕਟਰੀ ਸਹੂਲਤ ਨਾ ਮਿਲਣ ਕਰ ਕੇ ਉਨ੍ਹਾਂ ਵਿਚੋਂ ਇਕ ਮੁਖਤਿਆਰ ਸਿੰਘ (55
ਸਾਲ) ਜ਼ਿਲ੍ਹਾ ਮਾਨਸਾ ਦੇ ਪਿੰਡ ਅਕੋਈ ਦੇ ਪ੍ਰਧਾਨ ਦੀ ਮੌਤ ਹੋ ਗਈ ਜਿਸ ਨੂੰ ਸਟੇਜ ਤੋਂ
ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿਤੀ ਗਈ ਅਤੇ ਦੂਸਰਾ ਕਿਸਾਨ ਜ਼ੇਰੇ ਇਲਾਜ ਹੈ।
ਬੁਲਾਰਿਆਂ ਨੇ ਇਸ ਘਟਨਾ ਲਈ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ।