
ਨਵੀਂ
ਦਿੱਲੀ, 30 ਸਤੰਬਰ : ਕਾਂਗਰਸ ਨੇਤਾ ਪੀ ਚਿਦੰਬਰਮ ਨੇ ਬੁਲੇਟ ਟ੍ਰੇਨ ਪ੍ਰਾਜੈਕਟ ਦੀ
ਆਲੋਚਨਾ ਕਰਦਿਆਂ ਕਿਹਾ ਕਿ ਇਹ ਨੋਟਬੰਦੀ ਜਿਹਾ ਕਦਮ ਹੋਵੇਗਾ ਜਿਸ ਨਾਲ ਹਰ ਚੀਜ਼ ਖ਼ਤਮ ਹੋ
ਜਾਵੇਗੀ। ਉਨ੍ਹਾਂ ਬੁਲੇਟ ਟ੍ਰੇਨ ਦੀ ਬਜਾਏ ਰੇਲਵੇ ਸੁਰੱਖਿਆ ਬਿਹਤਰ ਕਰਨ ਵਾਸਤੇ ਖ਼ਰਚ ਕਰਨ
ਦਾ ਸੁਝਾਅ ਦਿਤਾ। ਉਨ੍ਹਾਂ ਇਹ ਬਿਆਨ ਕਲ ਵਾਲੇ ਮੁੰਬਈ ਰੇਲਵੇ ਸਟੇਸ਼ਨ ਹਾਦਸੇ ਦੇ ਸੰਦਰਭ
ਵਿਚ ਦਿਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੰਬਈ ਅਤੇ ਅਹਿਮਦਾਬਾਦ ਨੂੰ ਜੋੜਨ ਵਾਲਾ
ਪ੍ਰਾਜੈਕਟ ਸਾਧਾਰਣ ਲੋਕਾਂ ਲਈ ਨਹੀਂ ਸਗੋਂ ਤਾਕਤਵਰ ਅਤੇ ਰਸੂਖ਼ਦਾਰ ਲੋਕਾਂ ਲਈ ਹੈ।
ਚਿਦੰਬਰਮ
ਨੇ ਇਹ ਵੀ ਸੁਝਾਅ ਦਿਤਾ ਕਿ ਰੇਲ ਮੰਤਰੀ ਪੀਊਸ਼ ਗੋਇਲ ਨੂੰ ਇਕ ਲੱਖ ਕਰੋੜ ਰੁਪਏ ਇਸ
ਪ੍ਰਾਜੈਕਟ ਦੀ ਬਜਾਏ ਰੇਲਵੇ ਸੁਰੱਖਿਆ 'ਤੇ ਖ਼ਰਚ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ,
'ਬੁਲੇਟ ਟ੍ਰੇਨ ਨੋਟਬੰਦੀ ਵਾਂਗ ਹੋਵੇਗੀ। ਸੁਰੱਖਿਆ ਸਮੇਤ ਹਰ ਚੀਜ਼ ਨੂੰ ਇਹ ਖ਼ਤਮ ਕਰ
ਦੇਵੇਗੀ।' ਸਾਬਕਾ ਵਿੱਤ ਮੰਤਰੀ ਨੇ ਕਿਹਾ, 'ਰੇਲ ਮੰਤਰੀ ਇਕ ਦਿਨ ਬਾਅਦ ਇਹ ਸੰਕਲਪ ਲੈ
ਸਕਦੇ ਹਨ। ਇਕ ਲੱਖ ਕਰੋੜ ਰੁਪਏ ਰੇਲ ਸੁਰੱਖਿਆ, ਟ੍ਰੈਕ, ਸਿਗਨਲ ਬਿਹਤਰ ਕਰਨ 'ਤੇ ਖ਼ਰਚ
ਕੀਤੇ ਜਾਣ ਨਾਕਿ ਬੁਲੇਟ ਟ੍ਰੇਨ 'ਤੇ।' (ਏਜੰਸੀ)