
ਨਵੀਂ ਦਿੱਲੀ, 28 ਦਸੰਬਰ: ਤਿੰਨ ਤਲਾਕ ਸਬੰਧੀ ਬਿਲ 'ਤੇ ਅੱਜ ਲੋਕ ਸਭਾ 'ਚ ਚਰਚਾ ਦੌਰਾਨ ਕੇਂਦਰੀ ਮੰਤਰੀ ਐਮ.ਜੇ. ਅਕਬਰ ਅਤੇ ਏ.ਆਈ.ਐਮ.ਆਈ.ਐਮ. ਆਗੂ ਅਸਾਸੂਦੀਨ ਓਵੈਸੀ ਵਿਚਕਾਰ ਤਕਰਾਰ ਵੇਖਣ ਨੂੰ ਮਿਲਿਆ। ਮੁਸਲਮਾਨ ਔਰਤ (ਵਿਆਹ ਅਧਿਕਾਰ ਰਾਖੀ) ਬਿਲ 2017 'ਤੇ ਚਰਚਾ 'ਚ ਦਖ਼ਲਅੰਦਾਜ਼ੀ ਕਰਦਿਆਂ ਅਕਬਰ ਨੇ ਸ਼ਾਹ ਬਾਨੋ ਮਾਮਲੇ ਦਾ ਹਵਾਲਾ ਦਿਤਾ ਤਾਂ ਓਵੈਸੀ ਨੇ ਉਨ੍ਹਾਂ ਨੂੰ ਟੋਕਿਆ ਅਤੇ ਕਿਹਾ ਕਿ ਉਸ ਵੇਲੇ ਤੁਸੀ ਉਸ ਕਾਨੂੰਨ (ਰਾਜੀਵ ਗਾਂਧੀ ਦੇ ਵੇਲੇ) ਨੂੰ ਪਾਸ ਕਰਵਾਇਆ ਸੀ। ਇਸ 'ਤੇ ਅਕਬਰ ਨੇ ਕਿਹਾ ਕਿ ਮੇਰੇ ਦੋਸਤ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਉਹ 1989 'ਚ ਕਾਂਗਰਸ 'ਚ ਸ਼ਾਮਲ ਹੋਏ ਸਨ। ਉਨ੍ਹਾਂ ਦੇ ਇਸ ਕਥਨ 'ਤੇ ਸੱਤਾਧਿਰ ਦੇ ਮੈਂਬਰਾਂ ਨੇ ਮੇਜ਼ ਥਪਥਪਾਏ।
ਜ਼ਿਕਰਯੋਗ ਹੈ ਕਿ ਸ਼ਾਹ ਬਾਨੋ ਮਾਮਲਾ 1985 ਦਾ ਹੈ। ਸ਼ਾਹ ਬਾਨੋ ਨੂੰ ਉਸ ਦੇ ਪਤੀ ਨੇ ਤਲਾਕ ਦੇ ਦਿਤਾ ਸੀ ਅਤੇ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਪੀੜਤਾ ਲਈ ਮਹੀਨਾਵਾਰ ਗੁਜ਼ਾਰਾ ਭੱਤੇ ਦਾ ਹੁਕਮ ਦਿਤਾ ਸੀ। ਇਸ ਹੁਕਮ ਵਿਰੁਧ ਆਲ ਇੰਡੀਆ ਮੁਸਲਿਕ ਪਰਸਨਲ ਲਾਅ ਬੋਰਡ ਅਤੇ ਕੁੱਝ ਮੁਸਲਮਾਨ ਜਥੇਬੰਦੀਆਂ ਨੇ ਅੰਦੋਲਨ ਕੀਤਾ ਜਿਸ ਤੋਂ ਬਾਅਦ ਰਾਜੀਵ ਗਾਂਧੀ ਦੀ ਸਰਕਾਰ ਇਸ ਵਿਰੁਧ ਕਾਨੂੰਨ ਲੈ ਕੇ ਆਈ ਸੀ।
(ਪੀਟੀਆਈ)