
ਨਵੀਂ ਦਿੱਲੀ, 8 ਨਵੰਬਰ: ਇੰਡੀਗੋ ਦੇ ਇਕ ਕਰਮੀ ਵਲੋਂ ਦਿੱਲੀ ਹਵਾਈ ਅੱਡੇ 'ਤੇ ਇਕ ਯਾਤਰੀ ਨਾਲ ਕੁੱਟ-ਮਾਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਸਰਕਾਰ ਨੇ ਇਸ ਕਥਿਤ ਵੀਡੀਉ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਨੇ ਜਹਾਜ਼ ਕੰਪਨੀ ਤੋਂ ਰਿਪੋਰਟ ਮੰਗੀ ਹੈ। ਵੀਡੀਉ 'ਚ ਪਹਿਲਾਂ ਇਕ ਯਾਤਰੀ ਨੂੰ ਕੋਚ 'ਚ ਦਾਖ਼ਲ ਹੋਣ ਤੋਂ ਰੋਕਦਿਆਂ ਦੇਖਿਆ ਜਾ ਸਕਦਾ ਹੈ, ਇਸ ਤੋਂ ਬਾਅਦ ਉਸ ਨੂੰ ਇਕ ਗਰਾਊਂਡ ਸਟਾਫ਼ ਵਲੋਂ ਪਿੱਛੇ ਖਿੱਚਦਿਆਂ ਦੇਖਿਆ ਜਾ ਸਕਦਾ ਹੈ।
ਇਸ ਕਥਿਤ ਵੀਡੀਉ 'ਚ ਯਾਤਰੀ ਨੂੰ ਵਾਪਸ ਲੜਦਿਆਂ ਅਤੇ ਹੱਥੋਪਾਈ ਦੌਰਾਨ ਜ਼ਮੀਨ 'ਤੇ ਡਿੱਗਦਿਆਂ ਦੇਖਿਆ ਜਾ ਸਕਦਾ ਹੈ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਸਿਲਸਿਲੇਵਾਰ ਟਵੀਟ ਕਰ ਕੇ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਨੇ ਏਅਰਲਾਈਨ ਤੋਂ ਰਿਪੋਰਟ ਮੰਗੀ ਹੈ। ਇੰਡੀਗੋ ਦੇ ਮੁਖੀ ਅਤੇ ਨਿਰਦੇਸ਼ਕ ਆਦਿਯਾ ਘੋਸ਼ ਨੇ ਮਾਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਕਰਮੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਗਈ ਹੈ।
(ਏਜੰਸੀ)