
ਕੋਲਕਾਤਾ, 8 ਮਾਰਚ : ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਗੂਆਂ ਦੀਆਂ ਮੂਰਤੀਆਂ ਨਾਲ ਹੀ ਹੋ ਰਹੀ ਛੇੜਛਾੜ ਵਿਚਕਾਰ ਇਥੋਂ ਦੇ ਰਿਹਾਇਸ਼ੀ ਇਲਾਕੇ ਵਿਚ ਦਲਿਤ ਆਗੂ ਬੀ ਆਰ ਅੰਬੇਦਕਰ ਦੀ ਮੂਰਤੀ ਦਾ ਰੂਪ ਵਿਗਾੜ ਦਿਤਾ ਗਿਆ। ਘਟਨਾ ਵਿਰੁਧ ਸਥਾਨਕ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਹ ਘਟਨਾ ਰਿਹਾਇਸ਼ੀ ਇਲਾਕੇ ਵਿਚ ਵਾਪਰੀ ਜਿਥੇ ਗਰਿਲ ਨਾਲ ਢਕੇ ਢਾਂਚੇ ਉਤੇ ਰੰਗ ਲਾ ਦਿਤਾ ਗਿਆ। ਜਿਉਂ ਹੀ ਇਹ ਖ਼ਬਰ ਲੋਕਾਂ ਨੂੰ ਮਿਲੀ ਤਾਂ ਪ੍ਰਦਰਸ਼ਨ ਸ਼ੁਰੂ ਹੋ ਗਿਆ। ਪੁਲਿਸ ਅਧਿਕਾਰੀ ਜੀ ਸ਼ੰਕਰ ਸਾਈ ਦੀ ਅਗਵਾਈ ਵਿਚ ਇਕ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮੁਲਜ਼ਮਾਂ ਵਿਰੁਧ ਕਾਰਵਾਈ ਦਾ ਭਰੋਸਾ ਦਿਤਾ। ਅਧਿਕਾਰੀ ਨੇ ਕਿਹਾ, 'ਸਥਾਨਕ ਲੋਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਅਸੀਂ ਐਫ਼ਆਈਆਰ ਦਰਜ ਕੀਤੀ ਹੈ ਅਤੇ ਦੋਸ਼ੀਆਂ ਦਾ ਪਤਾ ਲਾਉੁਣ ਲਈ ਦੋ ਵਿਸ਼ੇਸ਼ ਟੀਮਾਂ ਬਣਾਈਆਂ ਹਨ।' ਉਨ੍ਹਾਂ ਕਿਹਾ ਕਿ ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਲਈ ਇਲਾਕੇ ਵਿਚ ਹੋਰ ਜ਼ਿਆਦਾ ਪੁਲਿਸ ਚੌਕੀਆਂ ਬਣਾਈਆਂ ਗਈਆਂ ਹਨ।
ਉਧਰ, ਕੇਰਲਾ ਵਿਚ ਕੁੱਝ ਸ਼ਰਾਰਤੀ ਅਨਸਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਛੇੜਛਾੜ ਕੀਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗਾਂਧੀ ਦੀ ਐਨਕ ਤੋੜ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ। ਯੂਪੀ ਦੇ ਬਲੀਆ ਜ਼ਿਲ੍ਹੇ ਵਿਚ ਵੀ ਸ਼ਰਾਰਤੀ ਅਨਸਰਾਂ ਨੇ ਹਨੂਮਾਨ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਸਥਾਨਕ ਪਿੰਡ ਵਿਚ ਕਲ ਹਨੂਮਾਨ ਦੀ ਮੂਰਤੀ ਤੋੜ ਦਿਤੀ ਗਈ। ਮੂਰਤੀ ਉਤੇ ਪੋਸਟਰ ਵੀ ਚਿਪਾਇਆ ਹੋਇਆ ਮਿਲਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪਿੰਡ ਦੇ ਕਿਸਾਨ ਦੇ ਖੇਤ ਵਿਚ ਬਾਂਦਰ ਦੀ ਮੌਤ ਹੋ ਗਈ ਸੀ। ਲੋਕਾਂ ਨੇ ਖੇਤ ਵਿਚ ਹੀ ਬਾਂਦਰ ਦਾ ਅੰਤਮ ਸਸਕਾਰ ਕਰ ਕੇ ਹਨੂਮਾਨ ਦੀ ਮੂਰਤੀ ਲਾ ਦਿਤੀ ਸੀ। (ਏਜੰਸੀ)