
ਕਰਨਾਲ: ਸੀ.ਐੱਮ. ਸਿਟੀ ਕਰਨਾਲ 'ਚ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਡੇਂਗੂ ਦੇ ਮਾਮਲੇ ਘਟਣ ਦੀ ਬਜਾਏ ਵਧਦੇ ਜਾ ਰਹੇ ਹਨ ਅਤੇ ਹਰ ਵਾਰ ਦੀ ਤਰ੍ਹਾਂ ਸਿਹਤ ਵਿਭਾਗ ਦੇ ਦਾਅਵੇ ਖੋਖਲ੍ਹੇ ਸਾਬਤ ਹੋ ਰਹੇ ਹਨ। ਉੱਥੇ ਹੀ ਦੇਸ਼ ਦੀ ਮਨਜ਼ੂਰ ਮੋਬਾਇਲ ਐਪ ਚੈਂਪਕੈਸ਼ ਬਣਾਉਣ ਵਾਲੇ ਕਰਨਾਲ ਦੇ 31 ਸਾਲਾ ਮਹੇਸ਼ ਵਰਮਾ ਦੀ ਬੀਤੀ ਰਾਤ ਡੇਂਗੂ ਕਾਰਨ ਮੌਤ ਹੋ ਗਈ। ਮਹੇਸ਼ 40 ਦਿਨਾਂ ਤੋਂ ਡੇਂਗੂ ਨਾਲ ਪੀੜਤ ਸਨ ਅਤੇ ਦਿੱਲੀ ਦੇ ਨਿੱਜੀ ਹਸਪਤਾਲ 'ਚ ਭਰਤੀ ਸਨ।
ਮਹੇਸ਼ ਨੇ ਕਰੋੜਾਂ ਲੋਕਾਂ ਨੂੰ ਦਿੱਤਾ ਰੋਜ਼ਗਾਰ
ਮਹੇਸ਼ ਵਰਮਾ ਦਾ ਜਨਮ 1986 'ਚ ਹਰਿਆਣਾ ਦੇ ਕਰਨਾਲ 'ਚ ਹੋਇਆ ਸੀ। ਕਰਨਾਲ ਦੇ ਸੈਕਟਰ 14 ਦੇ ਰਹਿਣ ਵਾਲੇ ਮਹੇਸ਼ ਵਰਮਾ ਚੈਂਪਕੈਸ਼ ਨੈਟਵਰਕਸ ਦੇ ਐੱਮ.ਡੀ. ਸਨ। ਮਹੇਸ਼ ਵਰਮਾ ਨੇ ਇਕ ਮਈ 2015 ਚੈਂਪਕੈਸ਼ ਦੇ ਨਾਂ ਨਾਲ ਕੰਪਨੀ ਸ਼ੁਰੂ ਕੀਤੀ ਸੀ, ਜਿਸ 'ਚ 2017 ਤੱਕ ਕਰੀਬ 1.75 ਕਰੋੜ ਲੋਕ ਜੁੜੇ ਅਤੇ ਚੰਗੀ ਆਮਦਨ ਹਾਸਲ ਕਰਨ ਲੱਗੇ। ਚੈਂਪਕੈਸ਼ ਪਰਿਵਾਰ ਅਨੁਸਾਰ ਮਹੇਸ਼ ਵਰਮਾ ਦੇਸ਼ ਦੇ ਪਹਿਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਭਾਰਤੀਆਂ ਨੂੰ ਮੁਫ਼ਤ 'ਚ ਐੱਮ.ਐੱਲ.ਐੱਮ. ਕਰਨਾ ਸਿਖਾਇਆ ਅਤੇ 1.75 ਕਰੋੜ ਲੋਕਾਂ ਨੂੰ ਰੋਜ਼ਗਾਰ ਦਿੱਤਾ।
10 ਲੱਖ ਵਾਰ ਡਾਊਨਲੋਡ ਹੋ ਚੁੱਕੀ ਹੈ ਐਪ
ਨਾਲ ਹੀ ਇਸੇ ਕੰਪਨੀ ਵੱਲੋਂ ਬਣਾਈ ਗਈ ਐਪ, ਚੈਂਪਕੈਸ਼- ਡਿਜੀਟਲ ਇੰਡੀਆ ਐਪ ਨੂੰ ਇਕੱਲੇ ਗੂਗਲ ਪਲੇਅ ਸਟੋਰ ਤੋਂ 10 ਲੱਖ ਵਾਰ ਡਾਊਨਲੋਡ ਕੀਤਾ ਜਾ ਚੁਕਿਆ ਹੈ। ਇੱਥੋਂ ਰੋਜ਼ਗਾਰ ਪਾਉਣ ਵਾਲੇ ਚੈਂਪਕੈਸ਼ ਪਰਿਵਾਰ ਨਾਲ ਜੁੜੇ ਲੱਖਾਂ ਪਰਿਵਾਰਾਂ ਨੇ ਅਫਸੋਸ ਜ਼ਾਹਰ ਕੀਤਾ ਹੈ। ਮਹੇਸ਼ ਵਰਮਾ ਦਾ ਸੰਸਕਾਰ ਵੀਰਵਾਰ ਸ਼ਾਮ ਕਰਨਾਲ ਦੇ ਅਰਜੁਨ ਗੇਟ ਸਥਿਤ ਸ਼ਿਵਪੁਰੀ 'ਚ ਸੈਂਕੜੇ ਲੋਕਾਂ ਦੀ ਹਾਜ਼ਰੀ 'ਚ ਕੀਤਾ ਗਿਆ।
ਡੇਂਗੂ ਦੇ 87 ਮਾਮਲੇ ਪਾਜੀਟਿਵ
ਸਿਹਤ ਵਿਭਾਗ ਵੱਲੋਂ ਹੁਣ ਤੱਕ 400 ਸੈਂਪਲਾਂ ਨੂੰ ਜਾਂਚ ਲਈ ਲਿਆ ਗਿਆ ਸੀ, ਜਿਨ੍ਹਾਂ 'ਚੋਂ 87 ਮਾਮਲੇ ਪਾਜੀਟਿਵ ਪਾਏ ਗਏ। ਡੇਂਗੂ ਦੇ 87 ਮਾਮਲਿਆਂ ਦੀ ਪੁਸ਼ਟੀ ਸਿਹਤ ਵਿਭਾਗ ਨੇ ਕੀਤੀ ਹੈ ਅਤੇ ਉੱਥੇ ਹੀ ਸਿਹਤ ਵਿਭਾਗ 2 ਨਿੱਜੀ ਹਸਪਤਾਲਾਂ ਸਮੇਤ ਇਕ ਟੈਸਟ ਲੈਬ ਨੂੰ ਨੋਟਿਸ ਦੇ ਚੁਕਿਆ ਹੈ, ਜੋ ਮਰੀਜ਼ਾਂ ਨੂੰ ਡੇਂਗੂ ਦੱਸਦੇ ਸਨ ਪਰ ਉਸ ਦੀ ਜਾਣਕਾਰੀ ਅਤੇ ਉਸ ਦੀ ਰਿਪੋਰਟ ਸਿਹਤ ਵਿਭਾਗ ਨੂੰ ਨਹੀਂ ਦਿੰਦੇ ਸਨ।