
ਰਾਏਪੁਰ, 24 ਜਨਵਰੀ : ਛੱਤੀਸਗੜ੍ਹ ਵਿਚ ਪੁਲਿਸ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿਚ ਚਾਰ ਜਵਾਨ ਸ਼ਹੀਦ ਹੋ ਗਏ ਅਤੇ 11 ਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਘਟਨਾ ਨਾਰਾਇਣਪੁਰ ਦੇ ਗੁਮਟੇਰ ਦੇ ਜੰਗਲਾਂ ਦੀ ਹੈ। ਖ਼ੁਫ਼ੀਆ ਜਾਣਕਾਰੀ ਮੁਤਾਬਕ ਮੰਗਲਵਾਰ ਦੀ ਰਾਤ 60 ਜਵਾਨ ਜੰਗਲ ਲਈ ਰਵਾਨਾ ਕੀਤੇ ਗਏ ਸਨ। ਜੰਗਲ ਵਿਚ ਨਕਸਲੀਆਂ ਦੇ ਹੋਣ ਦੀ ਖ਼ਬਰ ਮਿਲੀ ਸੀ। ਇਸ ਲਈ ਡੀਆਰਜੀ ਅਤੇ ਐਸਟੀਐਫ਼ ਦੇ ਜਵਾਨਾਂ ਨੂੰ ਮੌਕੇ 'ਤੇ ਭੇਜਿਆ ਗਿਆ। ਪੁਲਿਸ ਦੀ ਇਹ ਟੀਮ ਨਕਸਲੀਆਂ ਦੇ ਜਾਲ ਵਿਚ ਫਸ ਗਈ। ਦੁਪਹਿਰ ਕਰੀਬ ਇਕ ਵਜੇ ਪੁਲਿਸ ਅਤੇ ਨਕਸਲੀਆਂ ਵਿਚਕਾਰ ਗੋਲੀਬਾਰੀ ਹੋਈ। ਕਰੀਬ ਡੇਢ ਘੰਟੇ ਤਕ ਹੋਈ ਗੋਲੀਬਾਰੀ ਮਗਰੋਂ ਨਕਸਲੀ ਪਿੱਛੇ ਹਟ ਗਏ ਅਤੇ ਅਪਣੇ ਸੁਰੱਖਿਅਤ ਟਿਕਾਣਿਆਂ ਵਲ ਵਧ ਗਏ। ਗੋਲੀਬਾਰੀ ਰੁਕਣ ਮਗਰੋਂ ਮੋਰਚੇ 'ਤੇ ਡਟੇ ਦੋ ਜਵਾਨ ਅਤੇ ਦੋ ਸਬ ਇੰਸਪੈਕਟਰ ਸ਼ਹੀਦ ਹੋ ਚੁਕੇ ਸਨ।
ਹੋਰ 11 ਜਵਾਨ ਜ਼ਖ਼ਮੀ ਹੋ ਗਏ। ਨਕਸਲੀਆਂ ਨੇ ਮੁਕਾਬਲੇ ਵਾਲੀ ਥਾਂ ਕਈ ਵਾਰ ਆਈਈਡੀ ਧਮਾਕਾ ਕੀਤਾ ਅਤੇ ਧਮਾਕਿਆਂ ਦੀ ਲਪੇਟ ਵਿਚ ਆ ਕੇ ਜਵਾਨ ਜ਼ਖ਼ਮੀ ਹੋ ਗਏ। ਕੁੱਝ ਜਵਾਨ ਗੋਲੀਬਾਰੀ ਵਿਚ ਵੀ ਜ਼ਖ਼ਮੀ ਹੋਏ। ਮੁੱਖ ਦਫ਼ਤਰ ਤੋਂ ਫ਼ੌਰੀ ਸੁਰੱਖਿਆ ਬਲਾਂ ਦੀਆਂ ਚਾਰ ਟੀਮਾਂ ਵੱਖ ਵੱਖ ਦਿਸ਼ਾਵਾਂ ਵਿਚ ਘਟਨਾ ਸਥਾਨ 'ਤੇ ਭੇਜੀਆਂ ਗਈਆਂ। ਸੱਤ ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਹੈਲੀਕਾਪਟਰ ਜ਼ਰੀਏ ਰਾਏਪੁਰ ਭੇਜਿਆ ਗਿਆ। ਮੁਕਾਬਲੇ ਵਿਚ ਕਈ ਨਕਸਲੀ ਵੀ ਜ਼ਖ਼ਮੀ ਹੋਏ ਹਨ। ਪੁਲਿਸ ਮੁਤਾਬਕ ਸੱਤ ਜਵਾਨਾਂ ਦੇ ਹੱਥਾਂ, ਪੈਰਾਂ ਅਤੇ ਛਾਤੀ 'ਤੇ ਗੋਲੀਆਂ ਵੱਜੀਆਂ ਹਨ। (ਏਜੰਸੀ)