
ਨਵੀਂ ਦਿੱਲੀ, 12 ਜਨਵਰੀ: ਸੁਪਰੀਮ ਕੋਰਟ ਦੇ ਚਾਰ ਸੱਭ ਤੋਂ ਸੀਨੀਅਰ ਜੱਜਾਂ ਨੇ ਸਿਖਰਲੀ ਅਦਾਲਤ ਦੀਆਂ ਸਮੱਸਿਆਵਾਂ ਨੂੰ ਸੂਚੀਬੱਧ ਕਰਦਿਆਂ ਅੱਜ ਚੀਫ਼ ਜਸਟਿਸ ਵਿਰੁਧ ਬਗ਼ਾਵਤ ਵਰਗਾ ਕਦਮ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਇਨ੍ਹਾਂ ਜੱਜਾਂ ਨੇ ਕਿਹਾ ਕਿ ਇਹ ਸਮੱਸਿਆਵਾਂ ਦੇਸ਼ ਦੀ ਸਰਬਉੱਚ ਨਿਆਂਪਾਲਿਕਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਇਹ ਭਾਰਤੀ ਲੋਕਤੰਤਰ ਨੂੰ ਨਸ਼ਟ ਕਰ ਸਕਦੀਆਂ ਹਨ। ਸਰਬਉੱਚ ਨਿਆਂਪਾਲਿਕਾ ਦੇ ਦੂਜੇ ਸੱਭ ਤੋਂ ਸੀਨੀਅਰ ਜੱਜ ਜਸਟਿਸ ਜੇ. ਚੇਲਾਮੇਸ਼ਵਰ ਸਮੇਤ ਚਾਰ ਜੱਜਾਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰ ਕੇ ਨਿਆਂਪਾਲਿਕਾ ਅਤੇ ਅਬਜ਼ਰਵਰਾਂ ਨੂੰ ਹੈਰਾਨ ਕਰ ਦਿਤਾ ਕਿ ਜਨਤਕ ਤੌਰ 'ਤੇ ਅਜਿਹੇ ਅਸੰਤੋਸ਼ ਦਾ ਖੋਖਲੀ ਹੋ ਰਹੀ ਸੰਸਥਾ 'ਚ ਆਖ਼ਰ ਕਿਸ ਤਰ੍ਹਾਂ ਹੱਲ ਹੋਵੇਗਾ। ਜਸਟਿਸ ਚੇਲਾਮੇਸ਼ਵਰ ਨੇ ਖ਼ੁਦ ਵੀ ਇਸ ਪ੍ਰੈੱਸ ਕਾਨਫ਼ਰੰਸ ਨੂੰ 'ਅਜਿਹੀ ਪਹਿਲੀ ਘਟਨਾ' ਦਸਿਆ ਅਤੇ ਕਿਹਾ, ''ਕਦੀ ਕਦੀ ਸੁਪਰੀਮ ਕੋਰਟ ਦਾ ਪ੍ਰਸ਼ਾਸਨ ਸਹੀ ਨਹੀਂ ਹੁੰਦਾ ਹੈ ਅਤੇ ਪਿਛਲੇ ਕੁੱਝ ਮਹੀਨਿਆਂ 'ਚ ਅਜਿਹੀਆਂ ਕਈ ਗੱਲਾਂ ਹੋਈਆਂ ਹਨ ਜੋ ਉਮੀਦ ਤੋਂ ਬਹੁਤ ਹੇਠਾਂ ਹਨ।'' ਉਨ੍ਹਾਂ ਅਚਾਨਕ ਸੱਦੀ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਇਸ ਸੰਸਥਾ ਦੀ ਸੁਰੱਖਿਆ ਤੋਂ ਬਗ਼ੈਰ ਇਸ ਦੇਸ਼ 'ਚ 'ਲੋਕਤੰਤਰ ਨਹੀਂ ਬਚੇਗਾ'।ਇਹ ਆਜ਼ਾਦ ਭਾਰਤ ਦੇ ਇਤਿਹਾਸ 'ਚ ਅਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ। ਜਸਟਿਸ ਚੇਲਾਮੇਸ਼ਵਰ ਨੇ ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਕੁਰੀਅਨ ਜੋਸਫ਼ ਨਾਲ ਪ੍ਰੈੱਸ ਕਾਨਫ਼ਰੰਸ 'ਚ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਸਵੇਰੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨਾਲ ਮੁਲਾਕਾਤ ਕੀਤੀ ਸੀ ਅਤੇ ਸੰਸਥਾਨ ਨੂੰ ਪ੍ਰਭਾਵਤ ਕਰ ਰਹੇ ਮੁੱਦਿਆਂ ਨੂੰ ਚੁਕਿਆ ਸੀ।
ਜਸਟਿਸ ਚੇਲਾਮੇਸ਼ਵਰ ਨੇ ਅਪਣੀ ਰਿਹਾਇਸ਼ 'ਤੇ ਸੱਦੀ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਇਸ ਤਰ੍ਹਾਂ ਨਾਲ ਪ੍ਰੈੱਸ ਕਾਨਫ਼ਰੰਸ ਕਰਨਾ ਬਹੁਤ ਦੁਖਦਾਇਕ ਹੈ। ਉਨ੍ਹਾਂ ਕਿਹਾ ਕਿ ਚਾਰੇ ਜੱਜ, ਚੀਫ਼ ਜਸਟਿਸ ਨੂੰ ਇਹ ਸਮਝਾਉਣ 'ਚ ਅਸਫ਼ਲ ਰਹੇ ਕਿ ਕੁੱਝ ਚੀਜ਼ਾਂ ਵਿਵਸਥਿਤ ਨਹੀਂ ਹਨ ਅਤੇ ਇਸ ਲਈ ਉਨ੍ਹਾਂ ਨੂੰ ਸੁਧਾਰਾਤਮਕ ਉਪਾਅ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ, ''ਬੁਰੀ ਕਿਸਮਤ ਨਾਲ ਸਾਡੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਅਤੇ ਸਾਨੂੰ ਚਾਰਾਂ ਨੂੰ ਯਕੀਨ ਹੋ ਗਿਆ ਹੈ ਕਿ ਇਹ ਲੋਕਤੰਤਰ ਦਾਅ 'ਤੇ ਹੈ ਅਤੇ ਹਾਲ ਦੇ ਦਿਨਾਂ 'ਚ ਕਈ ਘਟਨਾਵਾਂ ਹੋਈਆਂ ਹਨ।''ਪ੍ਰੈੱਸ ਕਾਨਫ਼ਰੰਸ 'ਚ ਸਾਰੇ ਜੱਜਾਂ ਨੇ ਇਨ੍ਹਾਂ ਸਵਾਲਾਂ ਨੂੰ ਬਕਵਾਸ ਦਸਿਆ ਕਿ ਉਨ੍ਹਾਂ ਨੇ ਅਨੁਸ਼ਾਸਨ ਭੰਗ ਕੀਤਾ ਹੈ ਅਤੇ ਕਿਹਾ ਕਿ ਉਹ ਇਹ ਕਰਨਾ ਸ਼ੁਰੂ ਕਰ ਦੇਣਗੇ ਜੋ ਉਹ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਜੋ ਕੀਤਾ ਉਹ ਤਾਂ ਦੇਸ਼ ਦਾ ਕਰਜ਼ ਉਤਾਰਨਾ ਹੈ। ਜਸਟਿਸ ਗੋਗੋਈ ਇਸ ਸਾਲ ਅਕਤੂਬਰ 'ਚ ਜਸਟਿਸ ਮਿਸ਼ਰਾ ਦੇ ਸੇਵਾਮੁਕਤ ਹੋਣ 'ਤੇ ਨਵੇਂ ਚੀਫ਼ ਜਸਟਿਸ ਹੋਣਗੇ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਚਾਹੁੰਦੇ ਹਨ ਕਿ ਚੀਫ਼ ਜਸਟਿਸ ਵਿਰੁਧ ਮਹਾਂਦੋਸ਼ ਚਲਾਇਆ ਜਾਵੇਗਾ ਤਾਂ ਜਸਟਿਸ ਚੇਲਾਮੇਸ਼ਵਰ ਨੇ ਕਿਹਾ, ''ਦੇਸ਼ ਨੂੰ ਇਸ ਦਾ ਫ਼ੈਸਲਾ ਕਰਨ ਦਿਉ।'' (ਪੀਟੀਆਈ)