

ਸੋ ਇਹ ਲਾਭ ਦੇ ਅਹੁਦੇ ਸਨ ਜੋ ਆਮ ਆਦਮੀ ਪਾਰਟੀ (ਆਪ) ਦੇ 67 ਵਿਚੋਂ 20 ਵਿਧਾਇਕਾਂ ਨੂੰ ਸ਼ਾਂਤ ਰੱਖ ਰਹੇ ਸਨ। ਪਰ ਇਹ ਕੋਈ ਨਵੇਕਲਾ ਤਰੀਕਾ ਨਹੀਂ ਸੀ ਸਗੋਂ ਪੁਰਾਣੀ ਰੀਤ ਸੀ। 'ਆਪ' ਨੇ ਕਾਨੂੰਨ ਪਾਸ ਕਰ ਕੇ ਇਨ੍ਹਾਂ ਅਹੁਦਿਆਂ ਨੂੰ ਕਾਨੂੰਨੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਪ-ਰਾਜਪਾਲ ਨਜੀਬ ਜੰਗ ਨੇ 'ਆਪ' ਵਿਰੁਧ ਭਾਜਪਾ ਦੀ ਜੰਗ ਦਾ ਜ਼ਿੰਮਾ ਲਿਆ ਹੋਇਆ ਸੀ ਅਤੇ ਇਸ ਬਿਲ ਨੂੰ ਪਾਸ ਨਹੀਂ ਹੋਣ ਦਿਤਾ। 'ਆਪ' ਅੱਜ ਲੱਖ ਦਲੀਲਾਂ ਦੇਂਦੀ ਰਹੇ ਪਰ ਉਨ੍ਹਾਂ ਵੀ ਬਾਕੀ ਪਾਰਟੀਆਂ ਵਾਂਗ ਸਿਆਸੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ। ਪਰ ਅੱਜ ਸਵਾਲ ਇਹ ਉਠਦਾ ਹੈ ਕਿ ਚੋਣ ਕਮਿਸ਼ਨ ਨੇ 'ਆਪ' ਨੂੰ ਹੀ ਬਲੀ ਦਾ ਬਕਰਾ ਕਿਉਂ ਬਣਾਇਆ? ਰਾਸ਼ਟਰਪਤੀ ਕੋਵਿੰਦ ਨੇ ਇਕ ਦਿਨ ਵਿਚ ਉਨ੍ਹਾਂ ਦੀ ਅਰਜ਼ੀ ਖ਼ਾਰਜ ਕਰ ਦਿਤੀ ਅਤੇ ਉਸ 'ਤੇ ਗ਼ੌਰ ਕਰਨ ਦਾ ਸਮਾਂ ਵੀ ਨਹੀਂ ਲਾਇਆ ਅਤੇ 200 ਪੰਨਿਆਂ ਦੀ ਰੀਪੋਰਟ ਉਤੇ ਰਾਤੋ-ਰਾਤ ਦਸਤਖ਼ਤ ਕਰ ਦਿਤੇ। ਅੱਜ ਭਾਜਪਾ ਅਤੇ ਕਾਂਗਰਸ ਦੋਵੇਂ ਅਰਵਿੰਦ ਕੇਜਰੀਵਾਲ ਕੋਲੋਂ ਨੈਤਿਕਤਾ ਦੀ ਦੁਹਾਈ ਦਿੰਦਿਆਂ ਅਸਤੀਫ਼ਾ ਮੰਗ ਰਹੇ ਹਨ ਜਦਕਿ ਉਨ੍ਹਾਂ ਦੀਆਂ ਅਪਣੀਆਂ ਸੂਬਾ ਸਰਕਾਰਾਂ ਇਸੇ ਪ੍ਰਥਾ ਨੂੰ ਅਪਣਾ ਰਹੀਆਂ ਹਨ। ਜੇ ਚੋਣ ਕਮਿਸ਼ਨ ਨੂੰ ਸਰਕਾਰ ਦੀ ਕਾਰਗੁਜ਼ਾਰੀ ਅਤੇ ਵਿਧਾਇਕਾਂ ਦਾ ਅਸਰ-ਰਸੂਖ਼ ਨਹੀਂ ਚਾਹੀਦਾ ਤਾਂ ਫਿਰ ਸਾਰੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਬੈਠੇ ਸੰਸਦੀ ਸਕੱਤਰਾਂ ਦੀ ਚੋਣ ਖ਼ਾਰਜ ਕਿਉਂ ਨਹੀਂ ਕੀਤੀ ਗਈ? ਜਿਨ੍ਹਾਂ ਸੂਬਿਆਂ ਵਿਚ ਵਿਧਾਇਕ ਸੰਸਦੀ ਸਕੱਤਰ ਦੇ ਅਹੁਦੇ ਉਤੇ ਇਸ ਪਲ ਵੀ ਬੈਠੇ ਹਨ, ਉਨ੍ਹਾਂ ਵਿਰੁਧ ਚੋਣ ਕਮਿਸ਼ਨ ਨੇ ਕੋਈ ਕਦਮ ਕਿਉਂ ਨਹੀਂ ਚੁਕਿਆ? ਰਾਸ਼ਟਰਪਤੀ ਕੋਵਿੰਦ ਨੇ ਚੋਣ ਕਮਿਸ਼ਨ ਦੇ ਇਸ ਭੇਦਭਾਵ ਭਰੇ ਫ਼ੈਸਲੇ ਉਤੇ ਸਵਾਲ ਕਿਉਂ ਨਹੀਂ ਕੀਤਾ? ਕੀ ਉਹ ਅਜੇ ਵੀ ਭਾਜਪਾ ਦੇ ਮੈਂਬਰ ਵਾਂਗ ਵਿਚਰ ਰਹੇ ਹਨ ਅਤੇ ਭਾਜਪਾ ਦੀ 'ਆਪ' ਵਿਰੁਧ ਰੰਜਸ਼ ਨੂੰ ਅੰਜਾਮ ਤਕ ਪਹੁੰਚਾਉਣ ਵਿਚ ਅਪਣੀ ਨਿਰਪੱਖਤਾ ਨੂੰ ਖ਼ਤਰੇ ਵਿਚ ਪਾ ਗਏ?ਕਾਂਗਰਸ ਕਿਉਂ 'ਆਪ' ਨਾਲ ਰੰਜਸ਼ ਵਿਚ ਲੋਕਤੰਤਰ ਦੇ ਅਸੂਲਾਂ ਦੀ ਲੜਾਈ ਨੂੰ ਭੁਲਾ ਗਈ। ਅੱਜ ਕਾਂਗਰਸ ਦੇਸ਼ ਨੂੰ ਵਾਰ ਵਾਰ ਆਖਦੀ ਹੈ ਕਿ ਲੋਕਤੰਤਰ ਦੇ ਅਸੂਲ ਖ਼ਤਰੇ ਵਿਚ ਹਨ। ਅਦਾਲਤਾਂ, ਚੋਣ ਕਮਿਸ਼ਨ, ਸੀ.ਬੀ.ਆਈ. ਵਰਗੀਆਂ ਸੰਸਥਾਵਾਂ ਦੀ ਆਜ਼ਾਦੀ ਖ਼ਤਰੇ ਵਿਚ ਹੈ। ਪਰ ਇਹ ਆਜ਼ਾਦੀ ਸਿਰਫ਼ ਕਾਂਗਰਸੀਆਂ ਵਾਸਤੇ ਨਹੀਂ, 'ਆਪ' ਵਾਸਤੇ ਵੀ ਹੈ ਕਿਉਂਕਿ ਉਹ ਭਾਰਤੀ ਹਨ। ਜੇ ਲੋਕ 'ਆਪ' ਨਾਲ ਨਾਖ਼ੁਸ਼ ਹਨ ਤਾਂ ਇਸ ਦਾ ਫ਼ੈਸਲਾ ਚੋਣਾਂ ਵਿਚ ਹੋ ਜਾਵੇਗਾ ਪਰ ਇਸ ਤਰ੍ਹਾਂ ਦੇ ਤਰੀਕੇ ਭਾਰਤੀ ਸੰਵਿਧਾਨ ਦੀਆਂ ਸੁੱਚੀਆਂ ਕਦਰਾਂ-ਕੀਮਤਾਂ ਨਾਲ ਮੇਲ ਨਹੀਂ ਖਾਂਦੇ। ਜੇ ਅੱਜ ਰਾਹੁਲ ਗਾਂਧੀ 'ਆਪ' ਦੇ ਹੱਕ ਵਿਚ ਉਤਰਦੇ ਤਾਂ ਵੱਡੇ ਨੇਤਾ ਦਾ ਅਕਸ ਪੇਸ਼ ਕਰਦੇ। ਹੁਣ ਜ਼ਰੂਰੀ ਹੈ ਕਿ ਦਿੱਲੀ ਨੂੰ ਮੁਕੰਮਲ ਸੂਬੇ ਦਾ ਹੱਕ ਮਿਲਣਾ ਚਾਹੀਦਾ ਹੈ। ਜੋ ਰਵਾਇਤਾਂ ਇਨ੍ਹਾਂ ਚਾਰ ਸਾਲਾਂ ਵਿਚ ਸ਼ੁਰੂ ਹੋ ਗਈਆਂ, ਉਨ੍ਹਾਂ ਦੀ ਸੱਭ ਤੋਂ ਵੱਡੀ ਕੀਮਤ ਦਿੱਲੀ ਵਾਸੀਆਂ ਨੇ ਚੁਕਾਈ ਹੈ। ਭਾਜਪਾ ਅਤੇ 'ਆਪ' ਦੀ ਦੌੜ ਵਿਚ ਦਿੱਲੀ ਦੀਆਂ ਲੋੜਾਂ ਅਤੇ ਉਮੰਗਾਂ ਪਿੱਛੇ ਰਹਿ ਗਈਆਂ ਹਨ। -ਨਿਮਰਤ ਕੌਰ