
ਸ਼੍ਰੀਨਗਰ-ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਚੋਟੀ ਦੇ ਕਮਾਂਡਰ ਨੂਰ ਮੁਹੰਮਦ ਤਾਂਤਰੇ ਉਰਫ਼ ਨੂਰ ਤਰਾਲੀ ਨੂੰ ਹਲਾਕ ਕਰ ਦਿੱਤਾ। ਬੀਤੀ ਰਾਤ ਦੱਖਣੀ ਕਸ਼ਮੀਰ ਦੇ ਸੰਬੂਰਾ ਇਲਾਕੇ ‘ਚ 7 ਘੰਟੇ ਚੱਲੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਦੱਸ ਦਈਏ ਕਿ ਉਸ ਦੇ ਸਿਰ ‘ਤੇ 10 ਲੱਖ ਦਾ ਇਨਾਮ ਸੀ।
ਜ਼ਿਕਰੇਯੋਗ ਹੈ ਕਿ ਜੈਸ਼ ਦਾ ਇਹ 47 ਸਾਲਾ ਕਮਾਂਡਰ ਸਿਰਫ਼ ਤਿੰਨ ਫੁੱਟ ਦਾ ਸੀ। ਨੂਰ ਮੁਹੰਮਦ ਤਾਂਤਰੇ ਭਾਵੇਂ ਲੰਬਾਈ ‘ਚ ਛੋਟਾ ਸੀ ਪਰ ਉਸ ਦੇ ਨਾਪਾਕ ਇਰਾਦਿਆਂ ਕਾਰਨ ਉਸ ਨੂੰ ਜੈਸ਼ ਦਾ ਦੱਖਣੀ ਕਸ਼ਮੀਰ ਦਾ ਕਮਾਂਡਰ ਬਣਾਇਆ ਗਿਆ ਸੀ।
ਕੌਣ ਸੀ ਨੂਰ ਤਰਾਲੀ-
ਸਾਲ 2000 ਤੋਂ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਿਲ ਨੂਰ ਮੁਹੰਮਦ ਤਾਂਤਰੇ ਸੰਸਦ ਹਮਲੇ ਲਈ ਜ਼ਿੰਮੇਵਾਰ ਅੱਤਵਾਦੀ ਗਾਜ਼ੀ ਬਾਬਾ ਦੇ ਬਹੁਤ ਨੇੜੇ ਸੀ। ਉਸ ਦੇ ਮਾਰੇ ਜਾਣ ਦੇ ਬਾਅਦ ਨੂਰ 2003 ‘ਚ 3 ਜੈਸ਼ ਅੱਤਵਾਦੀਆਂ ਨਾਲ ਦਿੱਲੀ ਸਦਰ ਬਾਜ਼ਾਰ ਇਲਾਕੇ ‘ਚ ਹਮਲਾ ਕਰਨ ਦੀ ਸਾਜ਼ਿਸ਼ ‘ਚ 19 ਲੱਖ ਦੀ ਨਕਦੀ ਨਾਲ ਫੜਿਆ ਗਿਆ ਸੀ।
ਦਿੱਲੀ ਦੀ ਪੋਟਾ ਅਦਾਲਤ ਨੇ ਉਸ ਨੂੰ 2011 ‘ਚ ਉਮਰ ਕੈਦ ਦੀ ਸਜ਼ਾ ਸੁਣਾ ਕੇ ਤਿਹਾੜ ਜੇਲ੍ਹ ਭੇਜ ਦਿੱਤਾ। ਉਸ ਤੋਂ ਬਾਅਦ ਉਸ ਨੂੰ ਸ੍ਰੀਨਗਰ ਦੀ ਕੇਂਦਰੀ ਜੇਲ੍ਹ ‘ਚ ਤਬਦੀਲ ਕਰ ਦਿੱਤਾ ਗਿਆ। ਉਹ ਜੁਲਾਈ 2015 ‘ਚ ਪੈਰੋਲ ‘ਤੇ ਰਿਹਾਅ ਹੋਇਆ ਤੇ ਮੁੜ ਜੈਸ਼ ‘ਚ ਸ਼ਾਮਿਲ ਹੋ ਗਿਆ।
ਪੁਲਿਸ ਸੂਤਰਾਂ ਅਨੁਸਾਰ ਜੈਸ਼ ‘ਚ ਸ਼ਾਮਿਲ ਹੋ ਕੇ ਨੂਰ ਕਸ਼ਮੀਰ ‘ਚ ਸਰਗਰਮ ਅੱਤਵਾਦੀ ਮੁਫਤੀ ਵਿਕਾਸ ਵਾਸੀ ਭਾਵਲਪੁਰ ਪਾਕਿਸਤਾਨ ਦੇ ਇਸ਼ਾਰੇ ‘ਤੇ ਦੱਖਣੀ ਤੇ ਕੇਂਦਰੀ ਕਸ਼ਮੀਰ ‘ਚ ਸੰਗਠਨ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਅੱਤਵਾਦੀ ਹਮਲਿਆਂ ਦੀ ਯੋਜਨਾਬੰਦੀ ਕਰਕੇ ਇਨ੍ਹਾਂ ਨੂੰ ਸਿਰੇ ਚਾੜ੍ਹਨ ‘ਚ ਅਹਿਮ ਭੂਮਿਕਾ ਨਿਭਾਉਂਦਾ ਸੀ। ਨੂਰ ਮੁਹੰਮਦ ਨੂੰ ਹਜ਼ਾਰਾਂ ਲੋਕਾਂ ਦੀ ਮੌਜੂਦਗੀ ‘ਚ ਜੱਦੀ ਪਿੰਡ ਗੁੰਡ ‘ਚ ਲਾਈ ਪਾਬੰਦੀ ਦੇ ਬਾਵਜੂਦ ਦਫ਼ਨਾ ਦਿੱਤਾ ਗਿਆ। ਅੱਤਵਾਦੀਆਂ ਨੇ ਲੋਕਾਂ ‘ਚ ਸ਼ਾਮਿਲ ਹੋ ਕੇ ਹਵਾ ‘ਚ ਕਈ ਰੌਂਦ ਗੋਲੀਆਂ ਚਲਾ ਕੇ ਉਸ ਨੂੰ ਸਲਾਮੀ ਦਿੱਤੀ।