
ਅਹਿਮਦਾਬਾਦ, 12 ਦਸੰਬਰ : ਕਾਂਗਰਸ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪਾਕਿਸਤਾਨੀ ਰਾਜਦੂਤਾਂ ਨਾਲ ਰਾਤ ਦੇ ਖਾਣੇ ਮੌਕੇ ਮੁਲਾਕਾਤ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿਪਣੀ ਪ੍ਰਵਾਨਯੋਗ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਨਮੋਹਨ ਸਿੰਘ ਗੁਜਰਾਤ ਚੋਣਾਂ ਵਿਚ ਜਿੱਤ ਲਈ ਪਾਕਿਸਤਾਨ ਨਾਲ ਮਿਲੀਭੁਗਤ ਕਰ ਰਹੇ ਹਨ। ਇਸ 'ਤੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੋਦੀ ਖ਼ਤਰਨਾਕ ਰੁਝਾਨ ਪੈਦਾ ਕਰ ਰਹੇ ਹਨ ਅਤੇ ਇਸ ਸਬੰਧ ਵਿਚ ਉਨ੍ਹਾਂ ਨੂੰ ਦੇਸ਼ ਕੋਲੋਂ ਮਾਫ਼ੀ ਮੰਗਣ ਦੀ ਮੰਗ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਭ੍ਰਿਸ਼ਟਾਚਾਰ ਬਾਰੇ ਨਹੀਂ ਬੋਲਦੇ।
ਰਾਹੁਲ ਗਾਂਧੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦੇ ਆਖ਼ਰੀ ਦਿਨ ਇਥੇ ਪੱਤਰਕਾਰ ਸੰਮੇਲਨ ਵਿਚ ਕਿਹਾ, 'ਮੋਦੀ ਜੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਜੋ ਕੁੱਝ ਕਿਹਾ ਹੈ, ਉਹ ਪ੍ਰਵਾਨਯੋਗ ਨਹੀਂ।' ਉਨ੍ਹਾਂ ਕਿਹਾ, 'ਮੋਦੀ ਜੀ ਨੇ ਭ੍ਰਿਸ਼ਟਾਚਾਰ ਬਾਰੇ ਇਕ ਵੀ ਸ਼ਬਦ ਨਹੀਂ ਕਿਹਾ। ਉਹ ਜੈ ਸ਼ਾਹ ਅਤੇ ਰਾਫ਼ੇਲ ਸੌਦੇ ਬਾਰ ਚੁੱਪ ਹਨ।' ਗੁਜਰਾਤ ਦੇ ਮੰਦਰਾਂ ਵਿਚ ਜਾਣ ਸਬੰਧੀ ਟਿਪਣੀਆਂ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਰਾਹੁਲ ਨੇ ਪੁਛਿਆ, 'ਕੀ ਮੰਦਰ ਜਾਣਾ ਮਨ੍ਹਾਂ ਹੈ। ਮੈਂ ਮੰਦਰ ਵਿਚ ਜਾ ਕੇ ਗੁਜਰਾਤ ਦੇ ਲੋਕਾਂ ਦੀ ਖ਼ੁਸ਼ਹਾਲੀ ਦੀ ਅਰਦਾਸ ਕੀਤੀ।' ਮੋਦੀ ਦੁਆਰਾ ਸਮੁੰਦਰੀ ਜਹਾਜ਼ ਰਾਹੀਂ ਮੰਦਰ ਜਾਣ ਬਾਬਤ ਉਨ੍ਹਾਂ ਕਿਹਾ ਕਿ ਉਹ ਗੁਜਰਾਤ ਦੇ ਮੁੱਖ ਮੁੱਦਿਆਂ ਤੋਂ ਧਿਆਨ ਲਾਂਭੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਗੁਜਰਾਤ ਵਿਚ ਕਾਂਗਰਸ ਜਿੱਤੇਗੀ। (ਏਜੰਸੀ)