
ਨਵੀਂ ਦਿੱਲੀ: ਦਿੱਲੀ ਤੋਂ ਰਾਜ ਸਭਾ ਦੀਆਂ ਖ਼ਾਲੀ ਹੋ ਰਹੀਆਂ ਤਿੰਨ ਸੀਟਾਂ 'ਤੇ ਚੋਣਾਂ ਲਈ ਬੀਤੀ 29 ਦਸੰਬਰ ਨੂੰ ਨੋਟੀਫ਼ੀਕੇਸ਼ਨ ਜਾਰੀ ਹੋਣ ਦੇ ਨਾਲ ਹੀ ਚੋਣ ਕਵਾਇਦ ਸ਼ੁਰੂ ਹੋ ਗਈ ਹੈ ਪਰ ਤਿੰਨਾਂ ਸੀਟਾਂ ਦੀ ਮੁੱਖ ਦਾਅਵੇਦਾਰ ਆਮ ਆਦਮੀ ਪਾਰਟੀ ਉਮੀਦਵਾਰਾਂ ਦੇ ਨਾਵਾਂ ਬਾਰੇ ਹਾਲੇ ਫ਼ੈਸਲਾ ਨਹੀਂ ਕਰ ਸਕੀ।
ਸੂਤਰਾਂ ਨੇ ਸਿਰਫ਼ ਏਨਾ ਹੀ ਦਸਿਆ ਕਿ ਉਮੀਦਵਾਰਾਂ ਦੇ ਨਾਵਾਂ ਦਾ ਪ੍ਰਗਟਾਵਾ ਆਖ਼ਰੀ ਪਲਾਂ ਵਿਚ ਕੀਤਾ ਜਾਵੇਗਾ। ਸੰਸਦ ਦੇ ਉੱਚ ਸਦਨ ਵਿਚ ਉਮੀਦਵਾਰੀ ਦੀ ਦਾਅਵੇਦਾਰੀ ਬਾਰੇ ਪਾਰਟੀ ਦੇ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਦੇ ਬਗ਼ਾਵਤੀ ਸੁਰਾਂ ਨੂੰ ਵੇਖਦਿਆਂ ਪਾਰਟੀ ਆਗੂਆ ਨੇ ਸੋਚੀ-ਸਮਝੀ ਰਣਨੀਤੀ ਤਹਿਤ ਹੀ ਉਮੀਦਵਾਰਾਂ ਦੇ ਨਾਮ ਜਨਤਕ ਨਹੀਂ ਕੀਤੇ ਹਨ। ਦਿੱਲੀ ਦੇ ਹਿੱਸੇ ਦੀਆਂ ਤਿੰਨ ਸੀਟਾਂ 'ਤੇ 70 ਮੇਂਬਰੀ ਦਿੱਲੀ ਵਿਧਾਨ ਸਭਾ ਵਿਚ 66 ਵਿਧਾਇਕਾਂ ਵਾਲੀ 'ਆਪ' ਦੇ ਹੀ ਉਮੀਦਵਾਰਾਂ ਦਾ ਚੁਣਿਆ ਜਾਣਾ ਲਗਭਗ ਤੈਅ ਹੈ। ਇਸ ਕਾਰਨ ਉਮੀਦਵਾਰੀ ਬਾਰੇ ਵਿਰੋਧੀ ਪਾਰਟੀਆਂ ਖ਼ਾਸਕਰ ਭਾਜਪਾ ਅਤੇ ਕਾਂਗਰਸ ਖ਼ੇਮੇ ਵਿਚ ਕੋਈ ਹਲਚਲ ਨਹੀਂ ਹੈ।
ਚੋਣ ਪ੍ਰੋਗਰਾਮ ਮੁਤਾਬਕ 'ਆਪ' ਨੂੰ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਪੰਜ ਜਨਵਰੀ ਤਕ ਅਪਣੇ ਉਮੀਵਾਰਾਂ ਦਾ ਐਲਾਨ ਕਰਨਾ ਪਵੇਗਾ। ਪਾਰਟੀ ਦੇ ਸੀਨੀਅਰ ਨੇਤਾ ਨੇ ਦਸਿਆ ਕਿ ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਉਮੀਦਵਾਰਾਂ ਦੇ ਨਾਮ ਤੈਅ ਕਰੇਗੀ। ਹਾਲੇ ਤਕ ਪੀਏਸੀ ਦੀ ਬੈਠਕ ਦੀ ਤਰੀਕ ਤੈਅ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਠ ਮੈਂਬਰੀ ਪੀਏਸੀ ਦੇ ਦੋ ਮੈਂਬਰ, ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਦਿੱਲੀ ਤੋਂ ਬਾਹਰ ਹਨ। ਉਨ੍ਹਾਂ ਦੇ ਵਾਪਸ ਆਉਣ 'ਤੇ ਹੀ ਬੈਠਕ ਹੋ ਸਕੇਗੀ। ਕੇਜਰੀਵਾਲ ਅਤੇ ਸਿਸੋਦੀਆ ਨਵੇਂ ਸਾਲ ਦੀਆਂ ਛੁੱਟੀਆਂ ਬਿਤਾਉਣ ਅੰਡੇਮਾਨ ਨਿਕੋਬਾਰ ਗਏ ਹੋਏ ਹਨ ਅਤੇ ਦੋ ਜਨਵਰੀ ਨੂੰ ਦਿੱਲੀ ਮੁਡ਼ ਸਕਦੇ ਹਨ।