
ਜੰਮੂ, 10 ਫ਼ਰਵਰੀ : ਜੈਸ਼ ਏ ਮੁਹੰਮਦ ਦੇ ਅਤਿਵਾਦੀਆਂ ਨੇ ਅੱਜ ਤੜਕੇ ਜੰਮੂ ਸ਼ਹਿਰ ਦੇ ਸੁੰਜਵਾਨ ਵਿਚ ਪੈਂਦੇ ਫ਼ੌਜੀ ਕੈਂਪ 'ਤੇ ਹਮਲਾ ਕਰ ਦਿਤਾ ਜਿਸ ਵਿਚ ਦੋ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇਸੀਓ) ਸ਼ਹੀਦ ਹੋ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਫ਼ੌਜ ਨੇ ਦੋ ਅਤਿਵਾਦੀਆਂ ਨੂੰ ਵੀ ਮਾਰ ਦਿਤਾ। ਸੰਸਦੀ ਕਾਰਜ ਮੰਤਰੀ ਅਬੁਦਲ ਰਹਿਮਾਨ ਵੀਰੀ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਨੂੰ ਦਸਿਆ ਕਿ ਅਤਿਵਾਦੀਆਂ ਦੇ ਹਮਲੇ ਵਿਚ ਸੂਬੇਦਾਰ ਮਗਨਲਾਲ ਅਤੇ ਸੂਬੇਦਾਰ ਮੁਹੰਮਦ ਅਸ਼ਰਫ਼ ਮਾਰੇ ਗਏ ਹਨ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਵਿਚ ਕਰਨਲ ਰੈਂਕ ਦਾ ਅਫ਼ਸਰ ਵੀ ਸ਼ਾਮਲ ਹੈ। ਮੰਤਰੀ ਨੇ ਇਹ ਨਹੀਂ ਦਸਿਆ ਕਿ ਹਮਲਾ ਕਰਨ ਵਾਲੇ ਅਤਿਵਾਦੀ ਕਿਹੜੀ ਜਥੇਬੰਦੀ ਨਾਲ ਜੁੜੇ ਹੋਏ ਹਨ ਹਾਲਾਂਕਿ ਅਧਿਕਾਰੀਆਂ ਨੇ ਦਸਿਆ ਕਿ ਇਸ ਹਮਲੇ ਪਿੱਛੇ ਜੈਸ਼ ਏ ਮੁਹੰਮਦ ਦੇ ਅਤਿਵਾਦੀਆਂ ਦਾ ਹੱਥ ਹੈ। ਜੰਮੂ ਕਸ਼ਮੀਰ ਦੇ ਡੀਜੀਪੀ ਐਸ ਪੀ ਵੈਦਿਆ ਨੇ ਦਸਿਆ ਕਿ ਅਤਿਵਾਦੀ ਸੁੰਜਵਾਨ ਫ਼ੌਜੀ ਕੈਂਪ ਵਿਚ ਪਿੱਛੇ ਵਲ ਬਣੇ ਰਿਹਾਇਸ਼ੀ ਕਵਾਰਟਰ ਵਲੋਂ ਅੰਦਰ ਦਾਖ਼ਲ ਹੋਏ। ਬਾਅਦ ਵਿਚ ਅਤਿਵਾਦੀਆਂ ਨੂੰ ਘੇਰ ਲਿਆ ਗਿਆ। ਪੁਲਿਸ ਅਧਿਕਾਰੀ ਐਸ ਡੀ ਸਿੰਘ ਨੇ ਦਸਿਆ, 'ਸਵੇਰੇ ਕਰੀਬ 4.55 ਵਜੇ ਸੰਤਰੀ ਨੇ ਸ਼ੱਕੀ ਘੁਸਪੈਠ ਵੇਖੀ ਅਤੇ ਤਦ ਹੀ ਉਸ ਦੇ ਬੰਕਰ ਉਤੇ ਗੋਲੀਬਾਰੀ ਕੀਤੀ ਗਈ। ਸੰਤਰੀ ਨੇ ਗੋਲੀਬਾਰੀ ਦਾ ਢੁਕਵਾਂ ਜਵਾਬ ਦਿਤਾ। ਅਤਿਵਾਦੀਆਂ ਦੀ ਗਿਣਤੀ ਬਾਰੇ ਹਾਲੇ ਪਤਾ ਨਹੀਂ ਲੱਗਾ।
ਮਕਾਨ ਵਿਚ ਲੁਕੇ ਹੋਏ ਅਤਿਵਾਦੀਆਂ ਦੀ ਘੇਰਾਬੰਦੀ ਕਰ ਲਈ ਗਈ। ਸੁਰੱਖਿਆ ਬਲਾਂ ਅਤੇ ਪੁਲਿਸ ਨੇ ਸੁੰਜਵਾਨ ਫ਼ੌਜੀ ਕੈਂਪ ਦੇ ਆਲੇ ਦੁਆਲੇ ਇਲਾਕੇ ਦੀ ਵੀ ਘੇਰਾਬੰਦੀ ਕਰ ਲਈ। ਇਹ ਕੈਂਪ 36 ਬ੍ਰਿਗੇਡ ਤਹਿਤ ਪਹਿਲੀ ਜੰਮੂ ਕਸ਼ਮੀਰ ਲਾਈਟ ਇਨਫ਼ੈਂਟਰੀ ਅਧੀਨ ਆਉਂਦਾ ਹੈ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦੇ ਫ਼ੌਰਨ ਬਾਅਦ ਫ਼ੌਜ ਦੇ ਵਿਸ਼ੇਸ਼ ਬਲਾਂ ਅਤੇ ਵਿਸ਼ੇਸ਼ ਦਲ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਭਾਰੀ ਗੋਲੀਬਾਰੀ ਵਿਚਕਾਰ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ। ਅਧਿਕਾਰੀਆਂ ਨੇ ਦਸਿਆ ਕਿ ਘਰਾਂ ਵਿਚੋਂ ਪਰਵਾਰਾਂ ਨੂੰ ਕੱਢਣ ਦੀ ਕੋਸ਼ਿਸ਼ ਵਿਚ ਇਕ ਜੇਸੀਓ ਸ਼ਹੀਦ ਹੋ ਗਿਆ ਜਦਕਿ ਔਰਤ ਅਤੇ ਬੱਚੇ ਸਮੇਤ ਛੇ ਜਣੇ ਜ਼ਖ਼ਮੀ ਹੋ ਗਏ। ਖ਼ੁਫ਼ੀਆ ਏਜੰਸੀਆਂ ਨੇ ਅਫ਼ਜ਼ਲ ਗੁਰੂ ਦੀ ਬਰਸੀ ਮੌਕੇ ਜੈਸ਼ ਏ ਮੁਹੰਮਦ ਦੁਆਰਾ ਸੁਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਸਬੰਧੀ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਸੀ। ਅਫ਼ਜ਼ਲ ਗੁਰੂ ਨੂੰ 9 ਫ਼ਰਵਰੀ 2013 ਨੂੰ ਫਾਂਸੀ ਦਿਤੀ ਗਈ ਸੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਫ਼ੌਜ ਤੇ ਹੋਰ ਸੁਰੱਖਿਆ ਬਲ ਪ੍ਰਭਾਵਸ਼ਾਲੀ ਢੰਗ ਨਾਲ ਅਪਣਾ ਕੰਮ ਕਰ ਰਹੇ ਹਨ ਅਤੇ ਕਿਸੇ ਵੀ ਭਾਰਤੀ ਦਾ ਸਿਰ ਕਦੇ ਵੀ ਸ਼ਰਮ ਨਾਲ ਨਹੀਂ ਝੁਕਣ ਦੇਣਗੇ। ਰਾਜਨਾਥ ਸਿੰਘ ਨੇ ਕਿਹਾ ਕਿ ਜੰਮੂ ਵਿਚ ਫ਼ੌਜੀ ਕੈਂਪ 'ਤੇ ਹਮਲੇ ਬਾਰੇ ਟਿਪਣੀ ਕਰਨਾ ਠੀਕ ਨਹੀਂ ਕਿਉਂਕਿ ਆਪਰੇਸ਼ਨ ਹਾਲੇ ਚੱਲ ਰਿਹਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਸਾਨੂੰ ਸੂਚਨਾ ਮਿਲੀ ਹੈ ਕਿ ਆਪਰੇਸ਼ਲ ਚੱਲ ਰਿਹਾ ਹੈ। ਰੋਹਿੰਗਿਆ ਮੁਸਲਮਾਨਾਂ ਕਾਰਨ ਫ਼ੌਜੀ ਕੈਂਪ 'ਤੇ ਹਮਲਾ : ਸਪੀਕਰ ਫ਼ੌਜੀ ਕੈਂਪ 'ਤੇ ਹਮਲੇ ਦਾ ਮਾਮਲਾ ਵਿਧਾਨ ਸਭਾ ਵਿਚ ਵੀ ਉੁਠਿਆ। ਰੌਲਾ-ਰੱਪਾ ਪੈਣ ਮਗਰੋਂ ਸੱਭ ਤੋਂ ਪਹਿਲਾਂ ਕਾਰਵਾਈ ਉਸ ਸਮੇਂ ਰੁਕ ਗਈ ਜਦ ਸਪੀਕਰ ਨੇ ਜੰਮੂ ਵਿਚ ਰਹਿਣ ਵਾਲੇ ਰੋਹਿੰਗਿਆ ਮੁਸਲਮਾਨਾਂ ਬਾਰੇ ਵਿਵਾਦਤ ਬਿਆਨ ਦਿਤਾ। ਵਿਧਾਨ ਸਭਾ ਸਪੀਕਰ ਕਵਿੰਦਰ ਗੁਪਤਾ ਨੇ ਫ਼ੌਜੀ ਕੈਂਪ ਉਤੇ ਹਮਲੇ ਦਾ ਕਾਰਨ ਰਾਜ ਵਿਚ ਰੋਹਿੰਗਿਆ ਮੁਸਲਮਾਨਾਂ ਦੀ ਮੌਜੂਦਗੀ ਦਸਿਆ। ਉਨ੍ਹਾਂ ਕਿਹਾ ਕਿ ਰੋਹਿੰਗਿਆ ਦੀ ਮੌਜੂਦਗੀ ਕਾਰਨ ਜੰਮੂ ਦੇ ਆਰਮੀ ਕੈਂਪ 'ਤੇ ਹਮਲਾ ਹੋਇਆ। ਸਪੀਕਰ ਦੇ ਬਿਆਨ 'ਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਅਤੇ ਬਾਅਦ ਵਿਚ ਵਾਕਆਊਟ ਕਰ ਦਿਤਾ।