
ਨਵੀਂ ਦਿੱਲੀ, 25 ਅਕਤੂਬਰ: ਭਾਰਤ ਦੇ ਚੋਣ ਕਮਿਸ਼ਨ ਨੇ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੋ ਗੇੜ ਵਿਚ ਹੋਣਗੀਆਂ। 9 ਅਤੇ 14 ਦਸੰਬਰ ਨੂੰ ਵੋਟਾਂ ਪੈਣਗੀਆਂ ਜਦਕਿ 18 ਦਸੰਬਰ ਨੂੰ ਇਨ੍ਹਾਂ ਵੋਟਾਂ ਦੀ ਗਿਣਤੀ ਹੋਵੇਗੀ। ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਮੁੱਖ ਲੜਾਈ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚ ਹੈ। ਅੱਜ ਪ੍ਰੈੱਸ ਕਾਨਫ਼ਰੰਸ ਕਰਦਿਆਂ ਮੁੱਖ ਚੋਣ ਕਮਿਸ਼ਨਰ ਏ.ਕੇ. ਜੋਤੀ ਨੇ ਕਿਹਾ ਕਿ ਇਨ੍ਹਾਂ ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ। ਪਹਿਲੇ ਗੇੜ ਦੀਆਂ ਚੋਣਾਂ ਲਈ 14 ਨਵੰਬਰ ਨੂੰ ਨੋਟੀਫ਼ੀਕੇਸ਼ਨ ਜਾਰੀ ਹੋਣ ਤੋਂ ਬਾਅਦ ਉਮੀਦਵਾਰ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਦੇ ਹਨ।
ਪਹਿਲੇ ਗੇੜ ਵਿਚ 132 ਸੀਟਾਂ ਵਿਚੋਂ 89 ਸੀਟਾਂ 'ਤੇ ਵੋਟਾਂ ਪੈਣਗੀਆਂ ਅਤੇ ਪਹਿਲੇ ਗੇੜ ਵਿਚ 33 ਜ਼ਿਲ੍ਹਿਆਂ ਵਿਚੋਂ 19 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ। ਬਾਕੀ 93 ਸੀਟਾਂ ਲਈ ਵੋਟਾਂ ਵਾਸਤੇ 20 ਨਵੰਬਰ ਨੂੰ ਦੂਜੇ ਗੇੜ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇਗਾ। ਜੋਤੀ ਨੇ ਕਿਹਾ ਕਿ ਸੂਬੇ ਵਿਚ 50128 ਪੋਲਿੰਗ ਬੂਥਾਂ 'ਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵੋਟਰ-ਵੈਰੀਫ਼ਾਈਡ ਪੇਪਰ ਟਰਾਇਲ ਆਡਿਟ ਮਸ਼ੀਨਾਂ ਰਾਹੀਂ ਸੂਬੇ ਦੇ ਵੋਟਰ ਇਹ ਵੇਖ ਸਕਣਗੇ ਕਿ ਉਨ੍ਹਾਂ ਦੀ ਵੋਟ ਕਿਸ ਨੂੰ ਗਈ ਹੈ। ਚੋਣ ਕਮਿਸ਼ਨ ਨੇ 182 ਵੂਮੈਨ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਵਿਚ ਸ਼ਰਾਬ ਅਤੇ ਪੈਸੇ ਦੀ ਵਰਤੋਂ ਨੂੰ ਰੋਕਣ ਲਈ ਸਾਰੇ ਸਰਹਦੀ ਨਾਕਿਆਂ 'ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਸ਼ਰਾਰਤੀ ਲੋਕਾਂ ਨੂੰ ਸੂਬੇ ਵਿਚ ਦਾਖ਼ਲ ਹੋਣ ਤੋਂ ਰੋਕਿਆ ਜਾਵੇਗਾ। (ਪੀ.ਟੀ.ਆਈ.)