
ਅਹਿਮਦਾਬਾਦ/ਦਿੱਲੀ, 19
ਸਤੰਬਰ: ਗੁਜਰਾਤ ਕਾਂਗਰਸ ਦੇ ਸਾਬਕਾ ਪ੍ਰਮੁੱਖ ਆਗੂ ਸ਼ੰਕਰ ਸਿੰਘ ਵਾਘੇਲਾ ਨੇ ਅੱਜ ਐਲਾਨ
ਕੀਤਾ ਕਿ ਉਹ ਨਵੇਂ ਸਿਆਸੀ ਮੋਰਚੇ ਦੀ ਅਗਵਾਈ ਕਰਨਗੇ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ
'ਚ ਸਾਰੀਆਂ ਸੀਟਾਂ ਉਤੇ ਚੋਣਾਂ ਲੜੇਗਾ।
ਵਾਘੇਲਾ ਨੇ ਕਿਹਾ ਕਿ ਸ਼ਹਿਰ ਦੇ ਕੁੱਝ ਪੇਸ਼ੇਵਰਾਂ ਨੇ ਲੋਕਬਦਲ ਬਣਾਇਆ ਹੈ ਅਤੇ ਗੁਜਰਾਤ 'ਚ ਸੱਤਾਧਾਰੀ ਬੀ.ਜੇ.ਪੀ. ਅਤੇ ਵਿਰੋਧੀ ਕਾਂਗਰਸ ਦਾ ਬਦਲ ਮੁਹਈਆ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ।
77 ਸਾਲ ਦੇ ਸਾਬਕਾ ਮੁੱਖ ਮੰਤਰੀ ਨੇ ਪਿੱਛੇ ਜਿਹੇ ਹੀ ਕਾਂਗਰਸ ਛੱਡੀ ਸੀ ਕਿਉਂਕਿ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰਨ ਦੇ ਹੱਕ 'ਚ ਨਹੀਂ ਸੀ। ਜਦਕਿ ਵਾਘੇਲਾ ਨੇ ਦਾਅਵਾ ਕੀਤਾ ਕਿ ਲੋਕਬਦਲ ਨਾਲ ਜੁੜੇ ਲੋਕਾਂ ਵਲੋਂ ਕਰਵਾਏ ਸਰਵੇਖਣ 'ਚ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਗੁਜਰਾਤ ਦੇ ਅਗਲੇ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ ਅਤੇ ਲੋਕ ਦੋਹਾਂ ਪਾਰਟੀਆਂ ਤੋਂ ਬਹੁਤ ਅਸੰਤੁਸ਼ਟ ਹਨ।
ਦੂਜੇ
ਪਾਸੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਉਪਚੋਣ 'ਚ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ
(ਆਪ) ਨੇ ਪਾਰਟੀ ਦੇ ਮਿਸ਼ਨ ਵਿਸਤਾਰ ਨੂੰ ਗਤੀ ਦਿੰਦਿਆਂ ਇਸ ਦੀ ਗੁਜਰਾਤ ਤੋਂ ਸ਼ੁਰੂਆਤ ਕਰਨ
ਦੀ ਤਿਆਰੀ ਕਰ ਲਈ ਹੈ। ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ
ਲਈ 'ਆਪ' ਅਗਲੇ ਮਹੀਨੇ ਦੋ ਅਕਤੂਬਰ ਨੂੰ ਗਾਂਧੀ ਜੈਯੰਤੀ ਮੌਕੇ ਪ੍ਰਚਾਰ ਮੁਹਿੰਮ ਦਾ ਆਵਾਜ਼
ਕਰੇਗੀ। ਦਿੱਲੀ ਦੀ ਕੇਜਰੀਵਾਲ ਸਰਕਾਰ 'ਚ ਮੰਤਰੀ ਗੋਪਾਲ ਰਾਏ ਨੂੰ ਪਾਰਟੀ ਨੇ ਗੁਜਰਾਤ
ਚੋਣਾਂ ਦੀ ਕਮਾਨ ਸੌਂਪੀ ਹੈ। (ਪੀਟੀਆਈ)