
ਨਵੀਂ
ਦਿੱਲੀ, 17 ਸਤੰਬਰ (ਅਮਨਦੀਪ ਸਿੰਘ): ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁਖ
ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਸੇਵਾਮੁਕਤ
ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਨਾਂਅ 'ਤੇ ਮੋਹਰ ਲਾਉਂਦਿਆਂ ਉਨ੍ਹਾਂ ਨੂੰ ਚੋਣ ਮੈਦਾਨ
ਵਿਚ ਉਤਾਰਿਆ ਹੈ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਚੰਡੀਗੜ੍ਹ ਵਿਚ ਐਮਪੀ
ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਵਿਚਾਰ
ਵਟਾਂਦਰੇ ਪਿਛੋਂ 3 ਨਾਂਅ ਪਾਰਟੀ ਹਾਈਕਮਾਨ ਨੂੰ ਦਿੱਲੀ ਭੇਜੇ ਸਨ, ਜਿਨਾਂ੍ਹ 'ਚੋਂ ਅਖ਼ੀਰ
ਮੇਜਰ ਜਨਰਲ ਖਜੂਰੀਆ ਨੂੰ ਗੁਰਦਾਸਪੁਰ ਸੀਟ ਲਈ ਉਮੀਦਵਾਰ ਐਲਾਨ ਦਿਤਾ ਗਿਆ ਹੈ ।
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਪੰਜਾਬ ਵਿਧਾਨ ਸਭਾ ਵਿਚ ਆਪ ਵਿਧਾਇਕ ਦਲ ਦੇ ਆਗੂ
ਸ.ਸੁਖਪਾਲ ਸਿੰਘ ਖਹਿਰਾ ਦੇ ਨਾਂਅ ਦਾ ਵੀ ਚਰਚਾ ਸੀ, ਪਰ ਪਾਰਟੀ ਅਸਿੱਧੇ ਤੌਰ 'ਤੇ ਹਿੰਦੂ
ਵੋਟ ਨੂੰ ਨਿਸ਼ਾਨਾ ਮੰਨ ਕੇ ਚਲ ਰਹੀ ਹੈ,
ਜਿਸ ਕਰ ਕੇ ਗੈਰ-ਸਿੱਖ ਮੇਜਰ ਨੂੰ ਉਮੀਦਵਾਰ ਬਣਾਉਣਾ ਪ੍ਰਵਾਨ ਕੀਤਾ ਗਿਆ ।
ਚੇਤੇ
ਰਹੇ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਵਿਨੋਦ ਖੰਨਾ ਦੇ ਅਕਾਲ ਚਲਾਣੇ
ਪਿਛੋਂ ਇਹ ਸੀਟ ਖਾਲੀ ਹੋ ਗਈ ਸੀ । ਇਸ ਸੀਟ 'ਤੇ 11 ਅਕਤੂਬਰ ਨੂੰ ਚੋਣਾਂ ਹੋਣਗੀਆਂ ਤੇ
15 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ । 1997 'ਚ ਭਾਜਪਾ ਵਿਚ ਸ਼ਾਮਲ ਹੋਣ ਪਿਛੋਂ
ਬਾਲੀਵੁਡ ਅਦਾਕਾਰ ਵਿਨੋਦ ਖੰਨਾ ਨੇ 1998 ਵਿਚ ਇਸ ਸੀਟ ਤੋਂ ਕਾਂਗਰਸ ਦੀ ਪੰਜ ਵਾਰ ਐਮ ਪੀ
ਰਹੀ ਸੁਖਵੰਤ ਕੌਰ ਭਿੰਡਰ ਨੂੰ ਹਰਾਇਆ ਸੀ । ਉਦੋਂ ਤੋਂ ਲੈ ਕੇ ਤਿੰਨ ਵਾਰ ਤੱਕ ਇਸ ਸੀਟ
ਉਪਰ ਭਾਜਪਾ ਦਾ ਹੀ ਕਬਜ਼ਾ ਰਿਹਾ ਹੈ।
ਪਾਰਟੀ ਸੂਤਰਾਂ ਮੁਤਾਬਕ ਮੇਜਰ ਜਨਰਲ ਖਜੂਰੀਆਂ
ਦਾ ਸੇਵਾ ਮੁਕਤ ਫੌਜੀਆਂ ਵਿਚ ਖ਼ਾਸਾ ਪ੍ਰਭਾਵ ਹੈ ਤੇ ਉਹ ਆਪ ਨਾਲ ਸ਼ੁਰੂ ਤੋਂ ਮੋਢੇ ਨਾਲ
ਮੋਢਾ ਜੋੜ ਕੇ ਤੁਰ ਰਹੇ ਹਨ, ਜਿਸ ਕਰ ਕੇ ਵੀ ਉਨਾਂ੍ਹ ਨੂੰ ਇਸ ਸੀਟ ਲਈ ਉਮੀਦਵਾਰ ਐਲਾਨਿਆ
ਗਿਆ ਹੈ
ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਦਸਿਆ ਕਿ ਮਾਝਾ ਖਿੱਤੇ ਦੇ ਪਾਰਟੀ
ਲੀਡਰਾਂ ਤੇ ਗੁਰਦਾਸਪੁਰ ਇਕਾਈ ਦੇ ਕਾਰਕੁਨਾਂ ਦੀ ਰਾਏ ਨਾਲ ਹੀ ਖਜੂਰੀਆ ਨੂੰ ਉਮੀਦਵਾਰ
ਐਲਾਨਿਆ ਗਿਆ ਹੈ ।
ਉਹ 37 ਸਾਲ ਫੌਜ ਵਿਚ ਬ੍ਰਿਗੇਡ ਤੇ ਡਿਵੀਜ਼ਨਲ ਕਮਾਂਡਰ ਵਜੋਂ ਸੇਵਾ
ਨਿਭਾਅ ਚੁਕੇ ਹਨ। ਸੇਵਾਮੁਕਤ ਜਨਰਲ ਸੁਰੇਸ਼ ਖਜੂਰੀਆ ਦੀ ਪੈਦਾਇਸ਼ ਗੁਰਦਾਸਪੁਰ ਤੋਂ
15ਕਿਲੋਮੀਟਰ ਦੂਰ ਪੈਂਦੇ ਪਿੰਡ ਬੰਗਲ ਦੇ ਇਕ ਕਿਸਾਨ ਪਰਵਾਰ ਵਿਚ 1953
ਵਿਚ ਹੋਇਆ
ਸੀ, ਜਿਨ੍ਹਾਂ ਭਾਰਤੀ ਫੌਜ ਰਾਹੀਂ ਦੇਸ਼ ਸੇਵਾ ਵਿਚ ਲਾਮਿਸਾਲ ਯੋਗਦਾਨ ਪਾਇਆ ਹੈ, ਜਦੋਂ
ਕਿ ਭਾਜਪਾ ਤੇ ਕਾਂਗਰਸ ਨੇ ਬਾਹਰੀ ਉਮੀਦਵਾਰਾਂ ਨੂੰ ਪੈਰਾਸ਼ੂਟ ਰਾਜੀਂ ਇਸ ਹਲਕੇ ਲਈ
ਉਤਾਰਿਆ ਹੈ । ਸੇਵਾਮੁਕਤ ਜਨਰਲ ਸੁਰੇਸ਼ ਖਜੂਰੀਆ
ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਦੇ
ਵੋਟਰਾਂ ਤੇ ਗੁਰਦਾਸਪੁਰ ਦੇ ਸਾਬਕਾ ਫੌਜੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਫ ਸੁਥਰੇ
ਅਕਸ ਵਾਲੇ ਪਾਰਟੀ ਉਮੀਦਵਾਰ ਨੂੰ ਹੀ ਜਿਤਾਉਣ, ਕਿਉਂਕਿ ਕਾਂਗਰਸ ਤੇ ਭਾਜਪਾ ਦੋਹਾਂ ਨੇ
ਸਾਬਕਾ ਫੌਜੀਆਂ ਦੀ ਲੰਬੀ 'ਇਕ ਰੈਂਕ ਇਕ ਪੈਨਸ਼ਨ' ਦੀ ਮੰਗ ਨੂੰ ਪੂਰਾ ਨਹੀਂ ਕੀਤਾ ।