
ਕੋਲਕਾਤਾ, 17 ਅਕਤੂਬਰ: ਕਲਕੱਤਾ ਹਾਈ ਕੋਰਟ ਨੇ ਦਾਰਜੀਲਿੰਗ ਦੀਆਂ ਪਹਾੜੀਆਂ 'ਚੋਂ ਕੇਂਦਰੀ ਹਥਿਆਰਬੰਦ ਨੀਮ ਫ਼ੌਜੀ ਬਲਾਂ (ਸੀ.ਏ.ਪੀ.ਐਫ਼.) ਨੂੰ ਹਟਾਉਣ ਉਤੇ 27 ਅਕਤੂਬਰ ਤਕ ਰੋਕ ਲਾ ਦਿਤੀ ਹੈ, ਜੋ ਕਿ ਵਖਰੇ ਸੂਬੇ ਦੀ ਮੰਗ ਕਰ ਕੇ ਚਲਦੇ ਤਣਾਅ ਦੇ ਮੱਦੇਨਜ਼ਰ ਪਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਲਈ ਰਾਹਤ ਦੀ ਗੱਲ ਹੈ।ਦਾਰਜੀਲਿੰਗ ਅਤੇ ਕਲਿਮਪੋਂਗ ਜ਼ਿਲ੍ਹੇ 'ਚੋਂ ਸੀ.ਏ.ਪੀ.ਐਫ਼. ਹਟਾਉਣ ਦੇ ਕੇਂਦਰ ਦੇ ਫ਼ੈਸਲੇ ਵਿਰੁਧ ਸੂਬਾ ਸਰਕਾਰ ਦੀ ਅਪੀਲ ਉਤੇ ਸੁਣਵਾਈ ਕਰਦਿਆਂ ਜਸਟਿਸ ਹਰੀਸ਼ ਟੰਡਨ ਅਤੇ ਜਸਟਿਸ ਦੇਬਾਂਗਸ਼ੂ ਬਸਾਕ ਨੇ ਇਹ ਅੰਤਰਿਮ ਰਾਹਤ ਦਿਤੀ।
ਸੂਬਾ ਸਰਕਾਰ ਵਲੋਂ ਪੇਸ਼ ਹੋਏ ਵਕੀਲ ਕਿਸ਼ੋਰ ਦੱਤਾ ਨੇ ਸੁਰੱਖਿਆ ਬਲਾਂ ਦੀ ਤੈਨਾਤੀ ਉਤੇ ਮੌਜੂਦਾ ਸਥਿਤੀ ਕਾਇਮ ਰੱਖਣ ਦੀ ਮੰਗ ਕੀਤੀ ਸੀ। ਇਲਾਕੇ 'ਚ ਸੀ.ਏ.ਪੀ.ਐਫ਼. ਦੀਆਂ 15 ਕੰਪਨੀਆਂ ਤੈਨਾਤ ਹਨ। ਉਨ੍ਹਾਂ ਕਿਹਾ ਕਿ ਅਦਾਲਤ ਖੁੱਲ੍ਹਣ 'ਤੇ ਮਾਮਲੇ ਨੂੰ ਚੀਫ਼ ਜਸਟਿਸ ਦੇ ਸਾਹਮਣੇ ਪਹਿਲਾਂ ਪੀ.ਆਈ.ਐਲ. ਦਿਵਸ ਮੌਕੇ ਰਖਿਆ ਜਾਵੇਗਾ। ਜਨਹਿਤ ਅਪੀਲਾਂ ਉਤੇ ਸੁਣਵਾਈ ਆਮ ਤੌਰ 'ਤੇ ਸ਼ੁਕਰਵਾਰ ਨੂੰ ਹੁੰਦੀ ਹੈ। (ਪੀਟੀਆਈ)