
ਨਵੀਂ ਦਿੱਲੀ: ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਦੇ ਵਿਰੋਧ 'ਚ ਆਵਾਜ਼ ਉਠਾਉਣ ਵਾਲੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਅਤੇ ਸਾਬਕਾ ਮੰਤਰੀ ਤੇਜ ਪ੍ਰਤਾਪ ਨੇ ਹੈਰਾਨ ਕਰਨ ਵਾਲਾ ਬਿਆਨ ਦਿਤਾ ਹੈ। ਤੇਜ ਪ੍ਰਤਾਪ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਘਰ ਜ਼ਿਲ੍ਹਾ ਨਾਲੰਦਾ ਦੀ ਇਕ ਸਭਾ ਵਿਚ ਕਿਹਾ ਕਿ ਉਹ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਕਰਨਗੇ।
ਸ਼ੁਕਰਵਾਰ ਨੂੰ ਨਾਲੰਦਾ ਜ਼ਿਲ੍ਹੇ ਦੇ ਮਘੜਾ ਪਿੰਡ ਵਿਚ ਕਰਵਾਏ ਸ਼ੀਤਲਾ ਅਸ਼ਟਮੀ ਮੇਲੇ ਵਿਚ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ ਜੇਕਰ ਅਗਲੀ ਵਾਰ ਬਿਹਾਰ ਵਿਚ ਆਰਜੇਡੀ ਦੀ ਸਰਕਾਰ ਬਣੀ ਤਾਂ ਉਹ ਅਯੁੱਧਿਆ ਰਾਮ ਮੰਦਰ ਦੀ ਉਸਾਰੀ ਕਰਵਾਉਣਗੇ। ਉਨ੍ਹਾਂ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਲਈ ਬਿਹਾਰ ਤੋਂ ਇਕ–ਇਕ ਇੱਟ ਉੱਤਰ ਪ੍ਰਦੇਸ਼ ਲੈ ਕੇ ਜਾਵਾਂਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਰਾਮ ਮੰਦਰ ਦੀ ਉਸਾਰੀ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਕਰਵਾਉਣਗੇ।
ਇਸ ਤੋਂ ਪਹਿਲਾਂ ਤੇਜ ਪ੍ਰਤਾਪ ਯਾਦਵ ਨੇ ਸ਼ੀਤਲਾ ਅਸ਼ਟਮੀ ਮੇਲੇ ਵਿਚ ਦੰਗਲ ਮੁਕਾਬਲੇ ਦਾ ਉਦਘਾਟਨ ਕੀਤਾ। ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਨੇ ਸ਼ੰਖਨਾਦ ਅਤੇ ਬੰਸਰੀ ਵਜਾ ਕੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੰਗਲ ਮੁਕਾਬਲੇ ਦੇ ਪ੍ਰਤੀਯੋਗੀਆਂ ਨੂੰ ਸਨਮਾਨਤ ਵੀ ਕੀਤਾ। ਤੇਜਪ੍ਰਤਾਪ ਯਾਦਵ ਨੇ ਆਰਐਸਐਸ ਅਤੇ ਭਾਜਪਾ ਨੂੰ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਇਹ ਲੋਕ ਵੋਟ ਲੈਣ ਦੇ ਬਾਅਦ ਮੰਦਰ ਦਾ ਮੁੱਦਾ ਭੁੱਲ ਜਾਂਦੇ ਹਨ। ਇਸ ਵਾਰ ਆਰਜੇਡੀ ਬਿਹਾਰ 'ਚ ਸੱਤਾ ਵਿਚ ਆਈ ਤਾਂ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਕਰਵਾਈ ਜਾਵੇਗੀ।