
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਆਮ ਤੌਰ 'ਤੇ ਮਹਾਰਾਣੀ ਜਿੰਦਾਂ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ। ਮਹਾਰਾਣੀ ਜਿੰਦ ਕੌਰ ਦਾ ਜਨਮ 1817 ਈ. ਨੂੰ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਚਾੜ੍ਹ ਵਿਚ ਔਲਖ ਗੋਤ ਦੇ ਜ਼ਿਮੀਂਦਾਰ ਸ. ਮੰਨਾ ਸਿੰਘ ਦੇ ਘਰ ਹੋਇਆ। ਸ. ਮੰਨਾ ਸਿੰਘ ਕੋਈ ਬਹੁਤ ਵੱਡੇ ਰਸੂਖਦਾਰ ਤਾਂ ਨਹੀਂ ਸੀ ਪਰ ਉਹਨਾਂ ਦਾ ਲਾਹੌਰ ਦਰਬਾਰ ਵਿਚ ਨਾਂਅ ਜ਼ਰੂਰ ਸੀ। ਵਿਆਹ ਤੋਂ ਤਕਰੀਬਨ ਢਾਈ ਸਾਲਾਂ ਬਾਅਦ ਹੀ ਵਿਧਵਾ ਹੋ ਜਾਣ ਵਾਲੀ ਮਹਾਰਾਣੀ ਜਿੰਦਾਂ ਇੱਕ ਬਹਾਦਰ ਸਿੱਖ ਇਸਤਰੀ ਸੀ ਪਰ ਗ਼ੱਦਾਰਾਂ ਹੱਥੋਂ ਮਾਰ ਖਾ ਗਈ। ਆਪਣੇ ਸੁਹੱਪਣ ਅਤੇ ਦਲੇਰੀ ਕਰਕੇ ਮਹਾਰਾਣੀ ਜਿੰਦਾਂ ਨੂੰ 'ਪੰਜਾਬ ਦੀ ਮੈਸਾਲੀਨਾ' ਵੀ ਕਿਹਾ ਜਾਂਦਾ ਹੈ।
4 ਸਤੰਬਰ 1838 ਨੂੰ ਮਹਾਰਾਣੀ ਨੇ ਦਲੀਪ ਸਿੰਘ ਨੂੰ ਜਨਮ ਦਿੱਤਾ। ਮਹਾਰਾਜਾ ਸ਼ੇਰ ਸਿੰਘ ਅਤੇ ਕੰਵਰ ਪ੍ਰਤਾਪ ਸਿੰਘ ਦੇ ਕਤਲ ਹੋਣ ਤੋਂ ਬਾਅਦ 16 ਸਤੰਬਰ 1843 ਨੂੰ ਮਹਾਰਾਜਾ ਦਲੀਪ ਸਿੰਘ ਨੂੰ 5 ਸਾਲ ਦੀ ਉਮਰ ਵਿੱਚ ਮਹਾਰਾਜਾ ਐਲਾਨਿਆ ਗਿਆ ਅਤੇ ਮਹਾਰਾਣੀ ਜਿੰਦਾਂ ਉਸਦੀ ਸਰਪ੍ਰਸਤ ਬਣੀ। ਵਜ਼ੀਰ ਬਣਾਇਆ ਗਿਆ ਹੀਰਾ ਸਿੰਘ ਡੋਗਰਾ ਆਪਣੇ ਖਾਸਮ-ਖਾਸ ਸਾਥੀਆਂ ਸਮੇਤ ਦਗ਼ੇਬਾਜ਼ੀਆਂ ਤੇ ਉੱਤਰ ਆਇਆ ਜਿਸਨੇ ਮਹਾਰਾਣੀ ਨੂੰ ਜ਼ਹਿਰ ਦੇ ਕੇ ਮਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਗੱਲ ਦਾ ਭੇਦ ਖੁੱਲ੍ਹਣ `ਤੇ ਫਰਾਰ ਹੋਏ ਹੀਰਾ ਸਿੰਘ ਡੋਗਰੇ ਨੂੰ ਉਸਦੀ ਮੰਡਲੀ ਸਮੇਤ 21 ਦਸੰਬਰ 1844 ਨੂੰ ਜੰਮੂ ਜਾਂਦੇ ਹੋਏ ਰਸਤੇ ਵਿੱਚ ਹੀ ਮਾਰ ਮੁਕਾ ਦਿੱਤਾ ਗਿਆ। ਦਲੇਰ ਮਹਾਰਾਣੀ ਨੇ ਆਪਣੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਬਣਾਇਆ ਅਤੇ ਖ਼ੁਦ ਪਰਦਾ ਤਿਆਗ ਰਾਜ ਪ੍ਰਬੰਧ ਅਤੇ ਸਿਆਸੀ ਹਲਚਲ `ਤੇ ਧਿਆਨ ਦੇਣ ਲੱਗੀ। ਮਹਾਰਾਣੀ ਫੌਜ ਦਾ ਨਿਰੀਖਣ ਵੀ ਖ਼ੁਦ ਕਰਦੀ ਸੀ।
30 ਅਗਸਤ 1845 ਈ. ਨੂੰ ਇੱਕ ਡੂੰਘੀ ਸਾਜ਼ਿਸ਼ ਤਹਿਤ ਕੰਵਰ ਪਿਸ਼ੌਰਾ ਸਿੰਘ ਦਾ ਕਤਲ ਹੋਇਆ ਅਤੇ ਇਸਦਾ ਇਲਜ਼ਾਮ ਜਵਾਹਰ ਸਿੰਘ ਸਿਰ ਲਗਾ ਦਿੱਤਾ ਗਿਆ। ਭੜਕੀ ਭੀੜ ਨੇ ਜਵਾਹਰ ਸਿੰਘ ਨੂੰ ਕਤਲ ਕਰ ਦਿੱਤਾ ਗਿਆ। ਸਿੱਖ ਰਾਜ ਸਾਜ਼ਿਸ਼ਾਂ ਵਿੱਚ ਘਿਰਦਾ ਚਲਾ ਗਿਆ ਅਤੇ ਫੌਜ ਆਪਹੁਦਰੀ ਹੋ ਗਈ। ਸ਼ਾਹ ਮੁਹੰਮਦ ਨੇ ਸਿੱਖਾਂ ਅਤੇ ਅੰਗਰੇਜ਼ਾਂ ਦੀ ਜੰਗ ਨੂੰ ਮਹਾਰਾਣੀ ਜਿੰਦਾਂ ਦੁਆਰਾ ਆਪਣੇ ਭਰਾ ਦੇ ਕਤਲ ਦੇ ਬਦਲੇ ਨਾਲ ਜੋੜਦਿਆਂ ਬੜੀਆਂ ਸੋਹਣੀਆਂ ਸਤਰਾਂ ਲਿਖੀਆਂ ਹਨ -
ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ ਸਾਰੇ ਦੇਸ਼ ਵਿਚ ਚਾ ਤੁਰਨ ਵਾਰਾਂ
ਛੱਡਣ ਨਹੀਂ ਲਾਹੌਰ ਵਿੱਚ ਵੜਨ ਜੋਗੇ ਸਣੇ ਵੱਡੀਆਂ ਅਫਸਰ ਜਮਾਂਦਾਰਾਂ
ਜਿਹਨਾਂ ਕੋਹ ਕੇ ਮਾਰਿਆ ਵੀਰ ਮੇਰਾ ਮੈਂ ਖੋਹਾਂਗੀ ਉਹਨਾਂ ਦੀਆਂ ਜੁੰਡੀਆਂ ਨੀ
ਧਾਕਾਂ ਜਾਣ ਵਲਾਇਤੀ ਦੇਸ ਸਾਰੇ ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ
ਦਸੰਬਰ 1846 ਈ. ਵਿੱਚ ਅੰਗਰੇਜ਼ਾਂ ਨੇ ਮਹਾਰਾਣੀ ਦੀ ਰਾਜ ਪ੍ਰਬੰਧ ਵਿੱਚ ਦਖਲਅੰਦਾਜ਼ੀ ਰੋਕ ਦਿੱਤੀ ਗਈ ਅਤੇ ਡੇਢ ਲੱਖ ਸਾਲਾਨਾ ਭੱਤਾ ਦੇਕੇ ਨਜ਼ਰਬੰਦ ਕਰ ਦਿੱਤਾ ਗਈ। 19 ਅਗਸਤ 1847 ਨੂੰ ਮਹਾਰਾਣੀ ਉੱਪਰ ਸਾਜ਼ਿਸ਼ ਦੇ ਦੋਸ਼ ਲਗਾ ਕੇ ਸ਼ੇਖੂਪੁਰੇ ਦੇ ਕਿਲੇ ਵਿੱਚ ਵੀ ਭੇਜਿਆ ਗਿਆ ਅਤੇ ਭੱਤਾ ਵੀ ਘਟਾ ਕੇ 48 ਹਜ਼ਾਰ ਕਰ ਦਿੱਤਾ ਗਿਆ। ਮੁਸੀਬਤਾਂ ਵਿੱਚ ਘਿਰੀ ਮਹਾਰਾਣੀ ਮੁੜ ਹੋਰ ਇਲਜ਼ਾਮਾਂ ਦੀ ਝੜੀ ਲਗਾ 15 ਮਈ 1848 ਨੂੰ ਪਹਿਲਾਂ ਬਨਾਰਸ ਅਤੇ ਫਿਰ ਜ਼ਿਲ੍ਹਾ ਮਿਰਜ਼ਾਪੁਰ ਦੇ ਚੁਨਾਰ ਕਿਲੇ ਵਿੱਚ ਬੰਦ ਕਰ ਦਿੱਤਾ ਗਿਆ। 15 ਅਪ੍ਰੈਲ 1849 ਨੂੰ ਮਹਾਰਾਣੀ ਉੱਥੋਂ ਫ਼ਕੀਰਨ ਦਾ ਭੇਸ ਬਣਾ ਨਿੱਕਲਣ ਵਿੱਚ ਕਾਮਯਾਬ ਹੋ ਗਈ ਅਤੇ 29 ਅਪ੍ਰੈਲ 1849 ਨੂੰ ਨੇਪਾਲ ਪਹੁੰਚ ਗਈ। ਮਹਾਰਾਣੀ ਨੂੰ ਨੇਪਾਲ ਵਿੱਚ ਪਨਾਹ ਤਾਂ ਮਿਲ ਗਈ ਪਰ ਅੰਗਰੇਜ਼ਾਂ ਵੱਲੋਂ ਉਸ `ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ।
ਦਸੰਬਰ 1860 ਵਿੱਚ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਤੋਂ ਕਲਕੱਤੇ ਆਇਆ। ਨੇਪਾਲ ਸਰਕਾਰ ਨੇ ਮਹਾਰਾਣੀ ਨੂੰ ਕਲਕੱਤੇ ਭੇਜ ਦਿੱਤਾ। ਸਮੇਂ ਦੇ ਫੇਰ ਦੇ ਸ਼ਿਕਾਰ ਹੋਏ ਮਾਂ-ਪੁੱਤ 12 ਸਾਲ ਬਾਅਦ ਮਿਲੇ। ਦਲੀਪ ਸਿੰਘ ਆਪਣੀ ਮਾਂ ਨੂੰ ਇੰਗਲੈਂਡ ਲੈ ਗਿਆ ਪਰ ਚਿਰਾਂ ਬਾਅਦ ਮਿਲੇ ਮਾਂ-ਪੁੱਤ ਨੂੰ ਅੰਗਰੇਜ਼ਾਂ ਨੇ ਵੱਖ ਕਰ ਦਿੱਤਾ। ਮਹਾਰਾਜਾ ਦਲੀਪ ਸਿੰਘ ਨੂੰ ਲੰਡਨ ਵਿੱਚ ਰਹਿਣ ਦਿੱਤਾ ਗਿਆ ਜਦਕਿ ਮਹਾਰਾਣੀ ਨੂੰ ਕੈਨਸਿੰਗਟਨ ਸ਼ਹਿਰ ਭੇਜ ਦਿੱਤਾ ਗਿਆ। 1 ਅਗਸਤ 1863 ਨੂੰ ਮਹਾਰਾਣੀ ਜਿੰਦ ਕੌਰ ਦਾ ਦੇਹਾਂਤ ਹੋ ਗਿਆ। ਰਾਣੀ ਦੀ ਆਖ਼ਰੀ ਇੱਛਾ ਸੀ ਕਿ ਉਸਦਾ ਅੰਤਿਮ ਸੰਸਕਾਰ ਪੰਜਾਬ ਵਿੱਚ ਕੀਤਾ ਜਾਵੇ। ਇਸ ਲਈ ਮਹਾਰਾਜਾ ਦਲੀਪ ਸਿੰਘ ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਉਸਦੀ ਦੇਹ ਨੂੰ ਭਾਰਤ ਲੈ ਆਇਆ ਪਰ ਅੰਗਰੇਜ਼ਾਂ ਨੇ ਉਸਨੂੰ ਪੰਜਾਬ ਨਹੀਂ ਜਾਣ ਦਿੱਤਾ ਅਤੇ ਨਾ ਚਾਹੁੰਦੇ ਹੋਏ ਉਸਨੂੰ ਆਪਣੀ ਮਾਂ ਦਾ ਸਸਕਾਰ ਨਾਸਿਕ ਵਿਖੇ ਕਰਨਾ ਪਿਆ। ਬਾਅਦ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਅਤੇ ਮਹਾਰਾਣੀ ਜਿੰਦ ਕੌਰ ਦੀ ਪੋਤਰੀ ਬੰਬਾਂ ਸੁਦਰਲੈਂਡ ਨੇ ਮਹਾਰਾਣੀ ਦੀ ਚਿਖਾ ਦੀ ਭਸਮ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਦਬਾ ਦਿੱਤੀ।
ਮਹਾਰਾਣੀ ਜਿੰਦ ਕੌਰ ਉਨ੍ਹਾਂ ਕੁੱਝ-ਇੱਕ ਵਿਅਕਤੀਆਂ ਵਿਚੋਂ ਸੀ ਜਿਨ੍ਹਾਂ ਤੋਂ ਅੰਗਰੇਜ਼ ਹਕੂਮਤ ਭੈਅ ਖਾਂਦੀ ਸੀ। ਹਾਲਾਤ ਭਾਵੇਂ ਕਿਹੋ ਜਿਹੇ ਵੀ ਰਹੇ ਪਰ ਮਹਾਰਾਣੀ ਅੰਦਰ ਅੰਗਰੇਜ਼ਾਂ ਨੂੰ ਭਜਾਉਣ ਦਾ ਜਜ਼ਬਾ ਨਿਰੰਤਰ ਕਰਵਟਾਂ ਲੈਂਦਾ ਰਿਹਾ। ਅੰਗਰੇਜ਼ ਉਸਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਆਪਣੇ ਸਿਦਕ ਸਦਕਾ ਲੋਕਾਂ ਦੇ ਦਿਲਾਂ ਅੰਦਰ ਥਾਂ ਬਣਾਉਂਦੀ ਚਲੀ ਗਈ।