
ਨਵੀਂ ਦਿੱਲੀ, 1 ਮਾਰਚ (ਸੁਖਰਾਜ ਸਿੰਘ): ਭਾਜਪਾ ਸਿੱਖ ਸੈੱਲ ਦਿੱਲੀ ਪ੍ਰਦੇਸ਼ ਨੇ ਗ਼ਰੀਬ ਵਰਗ ਦੇ ਸਿੱਖ ਪਰਵਾਰਾਂ ਦਾ ਧਰਮ ਪਰਿਵਰਤਨ ਕਰਵਾਉਣ ਵਾਲੇ ਇਸਾਈ ਮਿਸ਼ਨਰੀਆਂ ਵਿਰੁਧ ਇਥੇ ਦੇ ਸੁਲਤਾਨ ਪੁਰੀ ਇਲਾਕੇ ਦੇ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ
ਕਰਵਾਈ ਹੈ। ਸਿੱਖ ਸੈੱਲ ਦੇ ਕਨਵੀਨਰ ਕੁਲਦੀਪ ਸਿੰਘ ਨੇ ਦਸਿਆ ਕਿ ਇਸ ਬਾਬਤ ਐਸ.ਐਚ.ਓ. ਨੇ ਮਾਮਲੇ ਦੀ ਜਾਂਚ ਲਈ ਪੁਲਿਸ ਅਫ਼ਸਰ ਨਿਯੁਕਤ ਕਰ ਦਿਤਾ ਹੈ। ਸਿੱਖ ਸੈੱਲ ਦੇ ਸਹਿ ਕਨਵੀਨਰ ਜਸਪ੍ਰੀਤ ਸਿੰਘ ਮਾਟਾ ਨੇ ਉਕਤ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਸਰਕਾਰ ਅਤੇ ਸਿੱਖ ਵਿਧਾਇਕਾਂ 'ਤੇ ਵੀ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਗ਼ਰੀਬ ਸਿੱਖਾਂ ਨੂੰ ਧਰਮ ਬਦਲਣ ਲਈ ਪੈਸੇ ਦਾ ਲਾਲਚ ਦੇਣ ਦੀ ਘਟਨਾ ਦਾ ਪ੍ਰਗਟਾਵਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦਾ ਕੋਈ ਵੀ ਸਿੱਖ ਵਿਧਾਇਕ ਸੁਲਤਾਨ ਪੁਰੀ ਇਲਾਕੇ ਦੇ ਗ਼ਰੀਬ ਸਿੱਖਾਂ ਦੀ ਸੁਧ ਲੈਣ ਲਈ ਨਹੀਂ ਪੁਜਿਆ।
ਕੁਲਦੀਪ ਸਿੰਘ ਨੇ ਇਸਾਈ ਮਿਸ਼ਨਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਅਜਿਹੀਆਂ ਗਤੀਵਿਧੀਆਂ ਨਾ ਰੋਕੀਆਂ ਤੇ ਭਵਿੱਖ ਵਿਚ ਜਾਰੀ ਰਖੀਆਂ ਤਾਂ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਆਗੂਆਂ ਨੇ ਉਕਤ ਮਾਮਲੇ ਨੂੰ ਲੈ ਕੇ ਕੌਮੀ ਘੱਟਗਿਣਤੀ ਕਮਿਸ਼ਨ 'ਚ ਵੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ। ਇਸ ਮੌਕੇ ਕੁਲਦੀਪ ਸਿੰਘ ਤੇ ਜਸਪ੍ਰੀਤ ਸਿੰਘ ਮਾਟਾ ਤੋਂ ਇਲਾਵਾ ਜਗਦੀਪ ਸਿੰਘ ਕੋਹਲੀ, ਸਰਬਜੀਤ ਸਿੰਘ ਅਤੇ ਅਮਰਿੰਦਰ ਸਿੰਘ ਆਦਿ ਮੌਜੂਦ ਸਨ।