
ਨਵੀਂ ਦਿੱਲੀ, 26 ਫ਼ਰਵਰੀ : ਮੁੱਖ ਸਕੱਤਰ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਅਧਿਕਾਰੀਆਂ ਦੇ ਸਾਂਝੇ ਮੰਚ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਮੁੱਖ ਮੰਤਰੀ ਕੇਜਰੀਵਾਲ ਲਿਖਤੀ ਮਾਫ਼ੀ ਮੰਗਣ, ਤਦ ਹੀ ਗੱਲਬਾਤ ਕੀਤੀ ਜਾਵੇਗੀ। ਅਧਿਕਾਰੀਆਂ ਨੇ ਅੱਜ ਵਿਰੋਧ ਵਜੋਂ ਮੋਢਿਆਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ। ਪੱਤਰਕਾਰ ਸੰਮੇਲਨ ਵਿਚ ਅਧਿਕਾਰੀਆਂ ਦੀ ਪ੍ਰਤੀਨਿਧ ਪੂਜਾ ਜੋਸ਼ੀ ਨੇ ਦਸਿਆ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜਦ ਤਕ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਮਾਫ਼ੀ ਨਹੀਂ ਮੰਗਦੇ ਤਦ ਤਕ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਗ਼ਲਤੀ ਮੰਨਣ ਦੀ ਬਜਾਏ ਘਟਨਾ ਨੂੰ ਹੀ ਨਕਾਰਨ ਵਿਚ ਲੱਗੇ ਹੋਏ ਹਨ। ਉਧਰ, ਆਮ ਆਦਮੀ ਪਾਰਟੀ ਦੇ ਵਫ਼ਦ ਨੇ ਦਿੱਲੀ ਪੁਲਿਸ ਕਮਿਸ਼ਨਰ ਅਮੁਲਯ ਪਟਨਾਇਕ ਨਾਲ ਮੁਲਾਕਾਤ ਕਰ ਕੇ 'ਇਨਸਾਫ਼' ਦੀ ਮੰਗ ਕੀਤੀ ਅਤੇ ਮੰਤਰੀ ਇਮਰਾਨ ਹੁਸੈਨ ਤੇ ਦਿੱਲੀ ਸੰਵਾਦ ਤੇ ਵਿਕਾਸ ਕਮਿਸ਼ਨ ਦੇ ਮੀਤ ਪ੍ਰਧਾਨ ਅਸ਼ੀਸ਼ ਖੇਤਾਨ 'ਤੇ ਹੋਏ ਕਥਿਤ ਹਮਲੇ ਨਾਲ ਸਬੰਧਤ ਮਾਮਲਿਆਂ ਵਿਚ ਕਾਰਵਾਈ ਕਰਨ ਲਈ ਕਿਹਾ।
ਵਫ਼ਦ ਵਿਚ ਸ਼ਾਮਲ ਪਾਰਟੀ ਆਗੂ ਆਸ਼ੂਤੋਸ਼, ਸੰਸਦ ਮੈਂਬਰ ਸੰਜੇ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੇ ਦਿੱਲੀ ਸਕੱਤਰੇਤ ਵਿਚ 20 ਫ਼ਰਵਰੀ ਨੂੰ ਹੋਏ ਹਮਲੇ ਬਾਰੇ ਪਟਨਾਇਕ ਨੂੰ ਵੀਡੀਉ ਸਬੂਤ ਸੌਂਪੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੇ ਮੁੱਖ ਸਕੱਤਰ ਮਾਮਲੇ ਵਿਚ ਕਾਫ਼ੀ ਤੇਜ਼ੀ ਵਿਖਾਈ ਹੈ ਤੇ ਇਹੋ ਜਿਹੀ ਤੇਜ਼ੀ ਖੇਤਾਨ ਮਾਮਲੇ ਵਿਚ ਵੀ ਵਿਖਾਈ ਜਾਵੇ। ਆਸ਼ੂਤੋਸ਼ ਨੇ ਸਵਾਲ ਕੀਤਾ, 'ਸਾਡੇ ਵਿਧਾਇਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਇਸ ਮਾਮਲੇ ਵਿਚ ਕੋਈ ਸਬੂਤ ਨਹੀਂ ਪੇਸ਼ ਕੀਤਾ ਗਿਆ। ਖੇਤਾਨ ਅਤੇ ਇਮਰਾਨ ਹੁਸੈਨ ਉਤੇ ਜਾਨਲੇਵਾ ਹਮਲੇ ਦਾ ਸਬੂਤ ਮੌਜੂਦ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।' ਦਿੱਲੀ ਸਰਕਾਰ ਨੇ ਅੱਜ ਕਿਹਾ ਕਿ ਸਾਰੇ ਮੰਤਰੀਆਂ ਦੀਆਂ ਬੈਠਕਾਂ ਨੂੰ ਲਾਈਵ ਸਟਰੀਮਿੰਗ ਯਾਨੀ ਇਨ੍ਹਾਂ ਦਾ ਸਿੱਧਾ ਪ੍ਰਸਾਰਣ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਬੈਠਕਾਂ ਨੂੰ ਲਾਈਵ ਫ਼ੀਡ ਆਵਾਜ਼ ਜ਼ਰੀਏ ਵੈਬਸਾਈਟ 'ਤੇ ਪਾਇਆ ਜਾਵੇਗਾ। (ਏਜੰਸੀ)