
ਨਵੀਂ ਦਿੱਲੀ, 29 ਦਸੰਬਰ : ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਅੱਜ ਰਾਜ ਸਭਾ ਵਿਚ ਦਸਿਆ ਕਿ ਕਿਵੇਂ ਮੋਟਾਪਾ ਘਟਾਉਣ ਦਾ ਦਾਅਵਾ ਕਰਨ ਵਾਲੀ ਕੰਪਨੀ ਨੇ ਉਨ੍ਹਾਂ ਨਾਲ ਠੱਗੀ ਮਾਰੀ ਸੀ। ਉਨ੍ਹਾਂ ਦਸਿਆ, 'ਉਪ ਰਾਸ਼ਟਰਪਤੀ ਬਣਨ ਮਗਰੋਂ ਮੈਂ ਵਜ਼ਨ ਘਟਾਉਣ ਬਾਰੇ ਸੋਚਿਆ ਸੀ। ਮੈਂ ਅਜਿਹੀ ਕੰਪਨੀ ਦਾ ਇਸ਼ਤਿਹਾਰ ਵੇਖਿਆ ਜਿਸ ਵਿਚ ਦਵਾਈ ਜ਼ਰੀਏ ਬਹੁਤ ਘੱਟ ਸਮੇਂ ਵਿਚ ਵਜ਼ਨ ਘਟਾਉਣ ਦਾ ਦਾਅਵਾ ਕੀਤਾ ਗਿਆ ਸੀ। ਭਾਰ ਘਟਾਉਣ ਲਈ ਮੈਂ ਇਕ ਹਜ਼ਾਰ ਰੁਪਏ ਦੇ ਕੇ ਦਵਾਈ ਲਈ ਆਰਡਰ ਦੇ ਦਿਤਾ।'ਨਾਇਡੂ ਨੇ ਦਸਿਆ ਕਿ ਇਕ ਹਜ਼ਾਰ ਰੁਪਏ ਦਾ ਭੁਗਤਾਨ ਕਰਨ ਮਗਰੋਂ ਵੀ ਕੰਪਨੀ ਨੇ ਮੈਨੂੰ ਦਵਾਈ ਨਾ ਦਿਤੀ।
ਇਸ ਬਦਲੇ ਕੰਪਨੀ ਨੇ ਈਮੇਲ ਕੀਤੀ ਜਿਸ ਵਿਚ ਅਸਲੀ ਦਵਾਈਆਂ ਲਈ ਇਕ ਹਜ਼ਾਰ ਰੁਪਏ ਹੋਰ ਮੰਗੇ ਗਏ। ਦੁਬਾਰਾ ਪੈਸੇ ਮੰਗੇ ਜਾਣ ਮਗਰੋਂ ਉਪ ਰਾਸ਼ਟਰਪਤੀ ਨੂੰ ਧੋਖਾਧੜੀ ਦਾ ਸ਼ੱਕ ਹੋਇਆ ਅਤੇ ਉਨ੍ਹਾਂ ਉਪਭੋਗਤਾ ਵਿਭਾਗ ਵਿਚ ਸ਼ਿਕਾਇਤ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਕੰਪਨੀ ਅਮਰੀਕਾ ਦੀ ਸੀ। ਨਾਇਡੂ ਨੇ ਕਿਹਾ ਕਿ ਅਜਿਹੀਆਂ ਕੰਪਨੀਆਂ ਵਿਰੁਧ ਕੁੱਝ ਕਰਨਾ ਚਾਹੀਦਾ ਹੈ। ਦਰਅਸਲ, ਰਾਜ ਸਭਾ ਵਿਚ ਸਮਾਜਵਾਦੀ ਸੰਸਦ ਮੈਂਬਰ ਨਰੇਸ਼ ਅਗਰਵਾਲ ਨੇ ਮਿਲਾਵਟ ਅਤੇ ਨਕਲੀ ਸਮਾਨ ਦਾ ਮਾਮਲਾ ਚੁਕਿਆ ਸੀ। ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਸਰਕਾਰ ਇਸ ਸਬੰਧ ਵਿਚ ਸਖ਼ਤ ਬਿਲ ਲਿਆ ਰਹੀ ਹੈ। (ਏਜੰਸੀ)